ਆਖਰ ਕੇਂਦਰ ਸਰਕਾਰ ਨੇ ਪਾਕਿਸਤਾਨ ਜਾਣੋਂ ਕਿਉਂ ਰੋਕਿਆ ਸਿੱਖ ਜਥਾ? ਲੋਕ ਸਭਾ 'ਚ ਮੰਤਰੀ ਨੇ ਦੱਸੀ ਅਸਲੀਅਤ
ਕੇਂਦਰ ਸਰਕਾਰ ਨੇ ਐਨ ਮੌਕੇ 'ਤੇ ਸਿੱਖ ਜਥੇ ਨੂੰ ਰੋਕ ਦਿੱਤਾ ਸੀ ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਣੇ ਹੋਰ ਸਿੱਖ ਸ਼ਖਸੀਅਤਾਂ ਨੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰੇ 'ਤੇ ਉੱਤਰ ਆਈ ਹੈ। ਇਸ ਬਾਰੇ ਮੰਗਲਵਾਰ ਨੂੰ ਜਦੋਂ ਸਰਕਾਰ ਨੂੰ ਸਵਾਲ ਕੀਤਾ ਗਿਆ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ ਸਭਾ ਵਿੱਚ ਸਰਕਾਰ ਦਾ ਮੁੜ ਪੱਖ ਰੱਖਿਆ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਿੱਖ ਜੱਥੇ ਦੀ ਪਾਕਿਸਤਾਨ ਫੇਰੀ 'ਤੇ ਰੋਕ ਬਾਰੇ ਆਪਣੀ ਸਫਾਈ ਦਿੱਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ ਸਭਾ ਵਿੱਚ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਸਿੱਖ ਜੱਥੇ ਨੂੰ ਪਾਕਿਸਤਾਨ ਫੇਰੀ ਲਈ ਇਜਾਜ਼ਤ ਨਾ ਦੇਣ ਦਾ ਮੁੱਖ ਕਾਰਨ ਗੁਆਂਢੀ ਮੁਲਕ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਤੇ ਜੱਥੇ ’ਚ ਸ਼ਾਮਲ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਦਰਪੇਸ਼ ਖ਼ਤਰਾ ਸੀ।
ਦੱਸ ਦਈਏ ਕੇਂਦਰ ਸਰਕਾਰ ਨੇ ਐਨ ਮੌਕੇ 'ਤੇ ਸਿੱਖ ਜਥੇ ਨੂੰ ਰੋਕ ਦਿੱਤਾ ਸੀ ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਣੇ ਹੋਰ ਸਿੱਖ ਸ਼ਖਸੀਅਤਾਂ ਨੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰੇ 'ਤੇ ਉੱਤਰ ਆਈ ਹੈ। ਇਸ ਬਾਰੇ ਮੰਗਲਵਾਰ ਨੂੰ ਜਦੋਂ ਸਰਕਾਰ ਨੂੰ ਸਵਾਲ ਕੀਤਾ ਗਿਆ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ ਸਭਾ ਵਿੱਚ ਸਰਕਾਰ ਦਾ ਮੁੜ ਪੱਖ ਰੱਖਿਆ।
ਰੈੱਡੀ ਨੇ ਕਿਹਾ ਕਿ 1974 ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ‘ਧਾਰਮਿਕ ਅਸਥਾਨਾਂ ਦੀ ਫੇਰੀ ਲਈ ਹੋਏ ਦੁਵੱਲੇ ਕਰਾਰ’ ਤਹਿਤ ਸਿੱਖ ਜੱਥੇ ਸਾਲ ਵਿੱਚ ਚਾਰ ਸਮਾਗਮਾਂ ਵਿਸਾਖੀ, ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਲਈ ਹੀ ਪਾਕਿਸਤਾਨ ਜਾ ਸਕਦੇ ਹਨ। ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ 18 ਫਰਵਰੀ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਣ ਵਾਲਾ ਤਜਵੀਜ਼ਤ ਜੱਥਾ 1974 ਦੇ ਉਪਰੋਕਤ ਕਰਾਰ ਦੇ ਘੇਰੇ ਵਿੱਚ ਨਹੀਂ ਆਉਂਦਾ ਸੀ। ਸਰਕਾਰ ਕੋਲ ਮੌਜੂਦ ਜਾਣਕਾਰੀ ਮੁਤਾਬਕ ਬੀਤੇ ਵਿੱਚ ਵੀ ਅਜਿਹਾ ਕੋਈ ਜੱਥਾ ਪਾਕਿਸਤਾਨ ਨਹੀਂ ਗਿਆ।
ਰੈੱਡੀ ਨੇ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ਪਾਕਿਸਤਾਨ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ, ਫੇਰੀ ਦੌਰਾਨ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਰੱਖਿਆ ਤੇ ਸੁਰੱਖਿਆ ਨੂੰ ਦਰਪੇਸ਼ ਖ਼ਤਰੇ ਤੇ ਕੋਵਿਡ-19 ਮਹਾਮਾਰੀ ਕਰਕੇ ਸਰਹੱਦ ਪਾਰੋਂ ਆਵਾਜਾਈ ’ਤੇ ਲੱਗੀ ਰੋਕ ਦੇ ਮੱਦੇਨਜ਼ਰ ਜੱਥੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ।
ਰੈੱਡੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ 1974 ਦੇ ਉਪਰੋਕਤ ਕਰਾਰ ਤਹਿਤ ਸਿੱਖ ਸ਼ਰਧਾਲੂਆਂ ਦਾ ਜੱਥਾ ਪਿਛਲੇ ਸਾਲ 28 ਨਵੰਬਰ ਤੋਂ 1 ਦਸੰਬਰ ਲਈ ਨਨਕਾਣਾ ਸਾਹਿਬ ਗਿਆ ਸੀ। ਹਾਲਾਂਕਿ ਉਸ ਮੌਕੇ ਕੋਵਿਡ-19 ਮਹਾਮਾਰੀ ਨੂੰ ਲੈ ਕੇ ਆਇਦ ਪਾਬੰਦੀਆਂ ਕਰਕੇ ਸ਼ਰਧਾਲੂਆਂ ਦੀ ਗਿਣਤੀ ਸੀਮਤ ਸੀ।