Punjab News: ਨਿਗਮ ਚੋਣਾਂ ਦੀ ਵੋਟਿੰਗ ਦਾ ਸਮਾਂ ਖਤਮ, ਭਾਜਪਾ ਉਮੀਦਵਾਰ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਅੰਮ੍ਰਿਤਸਰ 'ਚ ਹੋਈ ਮੌਤ
ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਵਿਚਾਲੇ ਝੜਪ ਹੋ ਗਈ। ਇਸ ਦੇ ਨਾਲ ਹੀ ਪਟਿਆਲਾ 'ਚ ਭਾਜਪਾ ਉਮੀਦਵਾਰ ਨੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
Punjab News: ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਖ਼ਤਮ ਹੋ ਗਈ। ਸਾਰੇ ਬੂਥਾਂ ਦੇ ਗੇਟ ਬੰਦ ਕਰ ਦਿੱਤੇ ਗਏ। ਹੁਣ ਸਿਰਫ਼ ਉਨ੍ਹਾਂ ਵੋਟਰਾਂ ਨੂੰ ਹੀ ਵੋਟਾਂ ਪਾਉਣ ਦੀ ਇਜਾਜ਼ਤ ਹੈ, ਜੋ 4 ਵਜੇ ਤੋਂ ਪਹਿਲਾਂ ਕਤਾਰ ਵਿੱਚ ਸਨ। ਇਨ੍ਹਾਂ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਸ਼ਾਮਲ ਹਨ। ਵੋਟਿੰਗ ਖ਼ਤਮ ਹੁੰਦੇ ਹੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨ ਦਿੱਤੇ ਜਾਣਗੇ। ਦੁਪਹਿਰ 3 ਵਜੇ ਤੱਕ 55 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਅਬੋਹਰ ਨਗਰ ਨਿਗਮ ਦੇ ਬੂਥ ਦੇ ਬਾਹਰ ਪੁਲਿਸ ਨੇ ਕੁਝ ਸ਼ਰਾਰਤੀ ਅਨਸਰਾਂ 'ਤੇ ਲਾਠੀਚਾਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਜ਼ਬਰਦਸਤੀ ਬੂਥ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਜਿਸ ਤੋਂ ਬਾਅਦ ਬਲ ਦੀ ਵਰਤੋਂ ਕੀਤੀ ਗਈ।
ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਵਿਚਾਲੇ ਝੜਪ ਹੋ ਗਈ। ਇਸ ਦੇ ਨਾਲ ਹੀ ਪਟਿਆਲਾ 'ਚ ਭਾਜਪਾ ਉਮੀਦਵਾਰ ਨੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇੱਥੇ 44 ਨਗਰ ਕੌਂਸਲਾਂ ਵਿੱਚ ਵੀ ਵੋਟਿੰਗ ਹੋਈ। ਜਿਨ੍ਹਾਂ ਨਿਗਮਾਂ 'ਚ ਵੋਟਿੰਗ ਹੋਈ, ਉਨ੍ਹਾਂ 'ਚ ਮੇਅਰ 4 'ਚ ਕਾਂਗਰਸ ਅਤੇ 1 'ਚ ਭਾਜਪਾ ਦੇ ਸਨ। ਹਾਲਾਂਕਿ ਹੁਣ ਦੋ ਮੇਅਰ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਅਤੇ ਕਾਂਗਰਸ ਵਿੱਚੋਂ ਇੱਕ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।
ਬਰਨਾਲਾ ਦੀ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਵਿੱਚ ਬੂਥ ਕੈਪਚਰਿੰਗ ਦੀ ਕੋਸ਼ਿਸ਼ ਨੂੰ ਲੈ ਕੇ ਹੰਗਾਮਾ ਹੋ ਗਿਆ। ਇਸ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਆਹਮੋ-ਸਾਹਮਣੇ ਆ ਗਏ। ਪਾਰਟੀ ਵਰਕਰਾਂ ਵਿੱਚ ਤਕਰਾਰ ਸ਼ੁਰੂ ਹੋ ਗਈ। ਹਫੜਾ-ਦਫੜੀ ਦਾ ਮਾਹੌਲ ਦੇਖਦੇ ਹੋਏ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
ਅੰਮ੍ਰਿਤਸਰ 'ਚ ਵੋਟ ਪਾਉਣ ਆਈ ਨਵ-ਵਿਆਹੀ ਔਰਤ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਵ-ਵਿਆਹੀ ਔਰਤ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਆ ਰਹੀ ਸੀ। ਇਸ ਦੌਰਾਨ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ 'ਚ ਔਰਤ ਦੀ ਮੌਤ ਹੋ ਗਈ, ਜਦਕਿ ਨਵ-ਵਿਆਹੇ ਨਾਲ ਦੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।