ਪੰਜਾਬ 'ਚ ਤੇਜ਼ ਹਵਾਵਾਂ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਅਪੀਲ
25 ਤੋਂ 27 ਅਪ੍ਰੈਲ ਤਕ ਤੇਜ਼ ਹਵਾਵਾਂ ਚੱਲਣ ਦੇ ਨਾਲ ਹਲਕੀ ਬਾਰਸ਼ ਤੇ ਬੱਦਲ ਛਾਉਣ ਦੀ ਸੰਭਾਵਨਾ ਹੈ। ਅਜਿਹੇ 'ਚ ਕਿਸਾਨਾਂ ਨੂੰ ਕਣਕ ਦੀ ਪੱਕੀ ਫ਼ਸਲ ਫਿਲਹਾਲ ਨਾ ਕੱਟਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਜੋ ਫ਼ਸਲ ਕੱਟੀ ਗਈ ਹੈ ਉਸਨੂੰ ਜਲਦੀ ਸੰਭਾਲਿਆ ਜਾਵੇ।
ਚੰਡੀਗੜ੍ਹ: ਮੌਸਮ ਵੱਲੋਂ ਲਈ ਕਰਵਟ ਨੇ ਇਕ ਵਾਰ ਫਿਰ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ ਨੂੰ ਹੋਰ ਗਹਿਰਾ ਕੀਤਾ ਹੈ। ਇਕ ਪਾਸੇ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਦੀ ਮਾਰ ਤੇ ਦੂਜਾ ਪੱਕੀ ਫ਼ਸਲ 'ਤੇ ਕੁਦਰਤ ਦਾ ਕਹਿਰ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦੇਵੇਗਾ। ਜਿੱਥੇ ਅੱਜ ਪੰਜਾਬ 'ਚ ਵੱਖ-ਵੱਖ ਥਾਈਂ ਬੱਦਲਵਾਈ ਦੇ ਨਾਲ ਹਲਕੀ ਬੂੰਦਾਬਾਂਦੀ ਹੋਈ ਉੱਥੇ ਹੀ ਆਉਣ ਵਾਲੇ ਦਿਨਾਂ 'ਚ ਵੀ ਬਾਰਸ਼ ਦੀ ਸੰਭਾਵਨਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੀ ਡਾ. ਕੇਕੇ ਗਿੱਲ ਨੇ ਦੱਸਆ ਕਿ ਉਨ੍ਹਾਂ ਨੂੰ ਆਈਐਮਡੀ ਤੋਂ ਮਿਲੀ ਜਾਣਕਾਰੀ ਮੁਤਾਬਕ 25 ਤੋਂ 27 ਅਪ੍ਰੈਲ ਤਕ ਤੇਜ਼ ਹਵਾਵਾਂ ਚੱਲਣ ਦੇ ਨਾਲ ਹਲਕੀ ਬਾਰਸ਼ ਤੇ ਬੱਦਲ ਛਾਉਣ ਦੀ ਸੰਭਾਵਨਾ ਹੈ। ਅਜਿਹੇ 'ਚ ਕਿਸਾਨਾਂ ਨੂੰ ਕਣਕ ਦੀ ਪੱਕੀ ਫ਼ਸਲ ਫਿਲਹਾਲ ਨਾ ਕੱਟਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਜੋ ਫ਼ਸਲ ਕੱਟੀ ਗਈ ਹੈ ਉਸਨੂੰ ਜਲਦੀ ਸੰਭਾਲਿਆ ਜਾਵੇ।
ਵੈਸਟਰਨ ਡਿਸਟਰਬੈਂਸ ਕਾਰਨ ਬੀਤੇ ਦਿਨਾਂ 'ਚ ਤਾਪਮਾਨ ਵਧਣ ਮਗਰੋਂ ਹੁਣ ਪਾਰਾ ਹੇਠਾਂ ਆ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।