ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਉੱਤਰੀ ਭਾਰਤ 'ਚ ਬਾਰਸ਼ ਤੇ ਝੱਖੜ ਦੀ ਚੇਤਾਵਨੀ
ਮੌਸਮ ਦੇ ਇਸ ਬਦਲਾਅ ਨੇ ਗਰਮੀ ਤੋਂ ਵੀ ਕਾਫੀ ਰਾਹਤ ਦਿੱਤੀ ਹੈ। ਬੁੱਧਵਾਰ ਨੂੰ ਵੀ ਕਿਧਰੇ ਆਸਮਾਨ ਸਾਫ ਰਹਿਣ ਤੇ ਕਿਧਰੇ ਹਲਕੀ ਬਾਰਸ਼ ਹੋਣ ਦੇ ਆਸਾਰ ਹਨ, ਜਦਕਿ ਵੀਰਵਾਰ ਨੂੰ ਇੱਕ ਹੋਰ ਨਵੀਂ ਪੱਛਮੀ ਗੜਬੜੀ ਦਾ ਅਸਰ ਵਿਖਾਈ ਪੈਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਮੱਧ ਪਾਕਿਸਤਾਨ ਤੇ ਜੰਮੂ ਕਸ਼ਮੀਰ ਵਿੱਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਦੇ ਅਸਰ ਨਾਲ ਮੰਗਲਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਵੀ ਮੌਸਮ ਨੇ ਕਰਵਟ ਲਈ ਹੈ। ਪਹਾੜਾਂ ਉੱਤੇ ਚੰਗੀ ਬਾਰਸ਼ ਹੋਈ ਤਾਂ ਮੈਦਾਨੀ ਇਲਾਕਿਆਂ ਵਿੱਚ ਧੂੜ ਭਰੇ ਝੱਖੜ ਨਾਲ ਹਲਕੀ ਬਾਰਸ਼ ਵੇਖਣ ਨੂੰ ਮਿਲੀ। ਸੀਕਰ ਸਮੇਤ ਰਾਜਸਥਾਨ ਵਿੱਚ ਕਈ ਥਾਵਾਂ ਉੱਤੇ ਗੜੇ ਪੈਣ ਦੀ ਵੀ ਸੂਚਨਾ ਹੈ।
ਮੌਸਮ ਦੇ ਇਸ ਬਦਲਾਅ ਨੇ ਗਰਮੀ ਤੋਂ ਵੀ ਕਾਫੀ ਰਾਹਤ ਦਿੱਤੀ ਹੈ। ਬੁੱਧਵਾਰ ਨੂੰ ਵੀ ਕਿਧਰੇ ਆਸਮਾਨ ਸਾਫ ਰਹਿਣ ਤੇ ਕਿਧਰੇ ਹਲਕੀ ਬਾਰਸ਼ ਹੋਣ ਦੇ ਆਸਾਰ ਹਨ, ਜਦਕਿ ਵੀਰਵਾਰ ਨੂੰ ਇੱਕ ਹੋਰ ਨਵੀਂ ਪੱਛਮੀ ਗੜਬੜੀ ਦਾ ਅਸਰ ਵਿਖਾਈ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦਿੱਲੀ ਐਨਸੀਆਰ ਵਿੱਚ ਅੰਸ਼ਕ ਰੂਪ ਨਾਲ ਬੱਦਲ ਛਾਏ ਰਹਿਣਗੇ। ਕਿਧਰੇ-ਕਿਧਰੇ ਹਲਕੀ ਬਾਰਸ਼ ਵੀ ਹੋ ਸਕਦੀ ਹੈ, ਹਾਲਾਂਕਿ ਸੰਭਾਵਨਾ ਬਹੁਤ ਜ਼ਿਆਦਾ ਨਹੀਂ। ਉੱਥੇ ਹੀ ਸਕਾਈਮੇਟ ਵੈਦਰ ਦੇ ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਤ ਨੇ ਦੱਸਿਆ ਕਿ ਵੀਰਵਾਰ ਨੂੰ ਮੁੜ ਤੋਂ ਜੰਮੂ ਕਸ਼ਮੀਰ ਵੱਲੋਂ ਪਹਾੜਾਂ ਉੱਤੇ ਨਵੀਂ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸ ਦੇ ਅਸਰ ਕਰਕੇ ਵੈਸੇ ਤਾਂ ਮੁੱਖ ਰੂਪ ਨਾਲ ਹਰਿਆਣਾ ਤੇ ਪੰਜਾਬ ਵਿੱਚ ਹੀ ਬਾਰਸ਼ ਹੋਣ ਦੇ ਆਸਾਰ ਹਨ ਪਰ ਦਿੱਲੀ ਐਨਸੀਆਰ ਉੱਤੇ ਵੀ ਇਸ ਦਾ ਅੰਸ਼ਕ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਮੌਸਮ ਵਿਭਾਗ ਨੇ ਮੰਗਲਵਾਰ ਨੂੰ ਮੌਸਮ ਦੇ ਕਰਵਟ ਲੈਣ ਦੀ ਭਵਿੱਖਬਾਣੀ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ। ਸਵੇਰੇ ਪਹਾੜਾਂ ਉੱਤੇ ਪੱਛਮੀ ਗੜਬੜੀ ਸਰਗਰਮ ਹੋਈ ਤਾਂ ਸ਼ਾਮ ਤੱਕ ਚੱਕਰਵਾਤੀ ਹਵਾ ਦਾ ਦਬਾਅ ਖੇਤਰ ਬਣਨ ਨਾਲ ਦਿੱਲੀ-ਐਨਸੀਆਰ ਸਮੇਤ ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਵੀ ਜ਼ਿਆਦਾਤਰ ਇਲਾਕਿਆਂ ਵਿੱਚ ਇਸ ਦਾ ਅਸਰ ਵਿਖਾਈ ਦੇਣ ਲੱਗਿਆ। ਦੇਰ ਸ਼ਾਮ ਤੱਕ ਕਾਫੀ ਥਾਵਾਂ ਉੱਤੇ ਬਾਰਸ਼ ਹੋ ਚੁੱਕੀ ਸੀ ਤਾਂ ਕਈਂ ਥਾਵਾਂ ਉੱਤੇ ਸ਼ੁਰੂ ਹੋ ਗਈ ਸੀ।
ਦਿੱਲੀ ਐਨਸੀਆਰ ਵਿੱਚ ਸ਼ਾਮ ਦੇ ਸਮੇਂ 15 ਤੋਂ 20 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਵਾ ਵੀ ਚੱਲੀ ਅਤੇ ਫਿਰ ਹਲਕੀ ਬਾਰਸ਼ ਹੋਈ। ਬੱਦਲਾਂ ਅਤੇ ਸੂਰਜ ਵਿਚਾਲੇ ਅੱਖ ਮਿਚੋਲੀ ਦਿਨ ਭਰ ਚੱਲਦੀ ਰਹੀ। ਇਸ ਦੇ ਚੱਲਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਮੰਗਲਵਾਰ ਨੂੰ ਆਮ ਨਾਲੋਂ ਚਾਰ ਡਿਗਰੀ ਘੱਟ 33.8 ਡਿਗਰੀ ਸੈਲਸੀਅਸ, ਜਦਕਿ ਘੱਟੋਂ ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ। ਹਵਾ ਵਿੱਚ ਨਮੀ ਦਾ ਪੱਧਰ 32 ਤੋਂ 68 ਫੀਸਦੀ ਰਿਹਾ।