ਕੇਹੀ ਆਜ਼ਾਦੀ? ਸਰਕਾਰਾਂ ਦੇ ਰਵੱਈਏ ਤੋਂ ਖਫਾ ਆਜ਼ਾਦੀ ਘੁਲਾਟੀਆਂ ਦੇ ਵਾਰਸ, ਸ਼ਹੀਦ ਸੁਖਦੇਵ ਦੇ ਵਾਰਸਾਂ ਵੱਲੋਂ 'ਆਪ' ਸਰਕਾਰ ਦੇ ਸਮਾਗਮ ਦਾ ਬਾਈਕਾਟ
ਸ਼ਹੀਦ ਸੁਖਦੇਵ ਥਾਪਰ ਦੇ ਸਥਾਨਕ ਨੌਘਰਾਂ ਸਥਿਤ ਜਨਮ ਸਥਾਨ ਦੀ ਅਣਦੇਖੀ ਤੋਂ ਖਫ਼ਾ ਹੋ ਕੇ ਉਨ੍ਹਾਂ ਦੇ ਵਾਰਸਾਂ ਨੇ ਅੱਜ ਸੂਬਾ ਪੱਧਰੀ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ।
ਲੁਧਿਆਣਾ: ਸਰਕਾਰਾਂ ਦੇ ਰਵੱਈਏ ਤੋਂ ਆਜ਼ਾਦੀ ਘੁਲਾਟੀਆਂ ਦੇ ਵਾਰਸ ਖਫਾ ਹਨ। ਉਹ ਸਰਕਾਰਾਂ ਦੀ ਕਰਨੀ ਤੇ ਕਥਨੀ ਤੋਂ ਪ੍ਰੇਸ਼ਾਨ ਹਨ। ਇਸ ਲਈ ਸ਼ਹੀਦ ਸੁਖਦੇਵ ਦੇ ਵਾਰਸਾਂ ਵੱਲੋਂ 'ਆਪ' ਸਰਕਾਰ ਦੇ ਸੂਬਾ ਪੱਧਰੀ ਸਮਾਗਮ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਸ਼ਹੀਦ ਸੁਖਦੇਵ ਥਾਪਰ ਦੇ ਸਥਾਨਕ ਨੌਘਰਾਂ ਸਥਿਤ ਜਨਮ ਸਥਾਨ ਦੀ ਅਣਦੇਖੀ ਤੋਂ ਖਫ਼ਾ ਹੋ ਕੇ ਉਨ੍ਹਾਂ ਦੇ ਵਾਰਸਾਂ ਨੇ ਅੱਜ ਸੂਬਾ ਪੱਧਰੀ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ।
ਸ਼ਹੀਦ ਦੇ ਵਾਰਸਾਂ ਨੇ ਸੂਬਾ ਪੱਧਰੀ ਸਮਾਗਮ ਦਾ ਬਾਈਕਾਟ ਇੱਕ ਸਾਲ ਤੋਂ ਅੱਧ ਵਿਚਾਲੇ ਲਟਕ ਰਹੇ ਜਨਮ ਸਥਾਨ ਦੇ ਸੁੰਦਰੀਕਰਨ ਤੇ ਚੌੜਾ ਬਾਜ਼ਾਰ ਤੋਂ ਇਸ ਸਥਾਨ ਨੂੰ ਸਿੱਧਾ ਰਸਤਾ ਦੇਣ ਦੇ ਕੰਮ ’ਚ ਆ ਰਹੀਆਂ ਮੁਸ਼ਕਲਾਂ ਦੇ ਵਿਰੋਧ ਵਜੋਂ ਕੀਤਾ ਹੈ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਤੇ ਸ਼ਹੀਦ ਦੇ ਵਾਰਸ ਅਸ਼ੋਕ ਥਾਪਰ ਨੇ ਸਰਕਾਰ ਦੇ ਵੱਲੋਂ ਆਜ਼ਾਦੀ ਦਿਵਸ ਸਮਾਗਮ ਸਬੰਧੀ ਮਿਲੇ ਸੱਦੇ ਨੂੰ ਸਵੀਕਾਰ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ਲਈ 50 ਲੱਖ ਦਾ ਫੰਡ ਰਿਲੀਜ਼ ਹੋਇਆ ਸੀ। ਫੰਡ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ ਗਿਆ ਸੀ ਤੇ ਨਗਰ ਨਿਗਮ ਲੁਧਿਆਣਾ ਨੇ ਟੈਂਡਰ ਲਾ ਕੰਮ ਸ਼ੁਰੂ ਕਰ ਦਿੱਤਾ ਸੀ ਜੋ ਹਾਲੇ ਵੀ ਅਧੂਰਾ ਹੈ। ਉਨ੍ਹਾਂ ਮੁਤਾਬਕ ਕੁਝ ਰਾਜਸੀ ਆਗੂਆਂ ਦੀ ਕਥਿਤ ਸ਼ਹਿ ’ਤੇ ਨਗਰ ਨਿਗਮ ਅਧਿਕਾਰੀਆਂ ਨੇ ਸੁੰਦੀਕਰਨ ਦਾ ਕੰਮ ਪੂਰਾ ਕਰਨ ’ਚ ਦਿਲਚਸਪੀ ਨਹੀਂ ਦਿਖਾਈ।
ਅਸ਼ੋਕ ਥਾਪਰ ਨੇ ਆਖਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ਼ਹੀਦ ਦੇ ਬੁੱਤ ਅੱਗੇ ਖੜ੍ਹੇ ਹੋ ਕੇ ਆਖਿਆ ਸੀ ਕਿ 2 ਮਹੀਨਿਆਂ ’ਚ ਸੁੰਦਰੀਕਰਨ ਦਾ ਕੰਮ ਪੂਰਾ ਕਰਵਾਉਣ ਉਪਰੰਤ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਦਘਾਟਨ ਕਰਵਾਉਣਗੇ। ਹਾਲਾਂਕਿ ਮੰਤਰੀ ਬੈਂਸ ਦੇ ਵੱਲੋਂ ਦਿੱਤਾ ਗਿਆ ਸਮਾਂ ਵੀ ਲੰਘ ਹੋ ਗਿਆ ਤੇ ਲੁਧਿਆਣਾ ’ਚ ਆਜ਼ਾਦੀ ਦਿਵਸ ਦੇ ਸਮਾਗਮ ’ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਰਹੇ ਹਨ ਪਰ ਸ਼ਹੀਦ ਦੇ ਜਨਮ ਅਸਥਾਨ ’ਤੇ ਉਨ੍ਹਾਂ ਦਾ ਆਉਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਹੋਇਆ।
ਅਜਿਹੇ ’ਚ ਜਦੋਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸੁਖਦੇਵ ਥਾਪਰ ਪ੍ਰਤੀ ਸਰਕਾਰ ਦੇ ਦਿਲ ’ਚ ਕੋਈ ਸਨਮਾਨ ਨਹੀਂ ਹੈ ਤਾਂ ਸ਼ਹੀਦ ਦੇ ਵਾਰਸਾਂ ਦਾ ਸਨਮਾਨ ਕੋਈ ਮਾਇਨੇ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਹੀਦ ਸੁਖਦੇਵ ਨੂੰ ਸਨਮਾਨ ਨਹੀਂ ਮਿਲੇਗਾ, ਉਨ੍ਹਾਂ ਦੇ ਵਾਰਸ ਹਰ ਸਰਕਾਰੀ ਪ੍ਰੋਗਰਾਮ ਦਾ ਬਾਈਕਾਟ ਕਰਨਗੇ।