Pilibhit Encounter: ਗੁਰਵਿੰਦਰ-ਵਰਿੰਦਰ-ਜਸ਼ਨਪ੍ਰੀਤ, ਉਮਰ 23 ਤੋਂ 25 ਸਾਲ, AK-47 ਵਰਗੇ ਹਥਿਆਰ...ਪੀਲੀਭੀਤ 'ਚ ਮਾਰੇ ਗਏ ਤਿੰਨ 'ਦਹਿਸ਼ਤਗਰਦ' ਕੌਣ ?
ਯੂਪੀ ਪੁਲੀਸ ਨੇ ਪੂਰਨਪੁਰ ਇਲਾਕੇ ਵਿੱਚ ਨਹਿਰ ਨੇੜੇ ਇਨ੍ਹਾਂ ਤਿੰਨਾਂ ਨੂੰ ਘੇਰ ਲਿਆ ਤਾਂ ਤਿੰਨਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਤਿੰਨੋਂ ਅੱਤਵਾਦੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ।
Punjab News: ਗੁਰਦਾਸਪੁਰ ਪੁਲਿਸ ਚੌਕੀ 'ਤੇ ਹੋਏ ਗ੍ਰਨੇਡ ਹਮਲੇ ਦੇ ਸਿਲਸਿਲੇ 'ਚ ਫ਼ਰਾਰ ਹੋਏ ਅੱਤਵਾਦੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਐਨਕਾਊਂਟਰ 'ਚ ਮਾਰੇ ਗਏ। ਪੰਜਾਬ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲ ਕੇ ਅੱਜ ਤੜਕੇ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਪੀਲੀਭੀਤ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ 'ਚ 25 ਸਾਲਾ ਗੁਰਵਿੰਦਰ, 23 ਸਾਲਾ ਵਰਿੰਦਰ ਅਤੇ 18 ਸਾਲਾ ਜਸਨਪ੍ਰੀਤ ਸ਼ਾਮਲ ਹਨ।
ਤਿੰਨੋਂ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦੋ ਏ.ਕੇ.-47, ਦੋ ਗਲਾਕ ਪਿਸਤੌਲ ਸ਼ਾਮਲ ਹਨ। ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਤੇ ਜਸਨਪ੍ਰੀਤ ਸਿੰਘ ਨੇ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ 'ਚ ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰੇਨੇਡ ਅਤੇ ਬੰਬ ਸੁੱਟੇ ਸਨ। ਉਨ੍ਹਾਂ ਦਾ ਸਬੰਧ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸੀ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੁਰਵਿੰਦਰ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਸੀ। ਉਸਦਾ ਇੱਕ ਰਿਸ਼ਤੇਦਾਰ ਪੀਲੀਭੀਤ ਵਿੱਚ ਰਹਿੰਦਾ ਹੈ।
ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਵੱਖ -ਵੱਖ ਪੁਲਿਸ ਚੌਕੀਆਂ 'ਤੇ ਹਮਲੇ ਹੋ ਰਹੇ ਸਨ। ਇਹ ਹਮਲੇ ਉਨ੍ਹਾਂ ਪੁਲਿਸ ਚੌਕੀਆਂ 'ਤੇ ਹੋ ਰਹੇ ਸਨ ਜਿੱਥੇ ਪੁਲਿਸ ਵਾਲੇ ਘੱਟ ਸਨ। ਅਜਿਹੇ 'ਚ ਪੰਜਾਬ ਪੁਲਿਸ ਇਨ੍ਹਾਂ ਤਿੰਨਾਂ ਦੀ ਸਖ਼ਤ ਤਲਾਸ਼ ਕਰ ਰਹੀ ਸੀ। ਉਦੋਂ ਖੁਫੀਆ ਸੂਚਨਾ ਮਿਲੀ ਸੀ ਕਿ ਤਿੰਨੋਂ ਪੀਲੀਭੀਤ ਵਿੱਚ ਲੁਕੇ ਹੋਏ ਹਨ। ਪੀਲੀਭੀਤ 'ਚ ਇਨ੍ਹਾਂ ਤਿੰਨਾਂ ਦੀ ਲੋਕੇਸ਼ਨ ਦਾ ਪਤਾ ਲੱਗਦੇ ਹੀ ਪੰਜਾਬ ਪੁਲਸ ਨੇ ਸਥਾਨਕ ਪੁਲਸ ਨਾਲ ਸੰਪਰਕ ਕੀਤਾ।
ਮੁਕਾਬਲੇ ਵਿੱਚ ਮਾਰੇ ਗਏ ਤਿੰਨੋ ਦਹਿਸ਼ਤਗਰਦ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਿਵੇਂ ਹੀ ਪੰਜਾਬ ਤੇ ਯੂਪੀ ਪੁਲੀਸ ਨੇ ਪੂਰਨਪੁਰ ਇਲਾਕੇ ਵਿੱਚ ਨਹਿਰ ਨੇੜੇ ਇਨ੍ਹਾਂ ਤਿੰਨਾਂ ਨੂੰ ਘੇਰ ਲਿਆ ਤਾਂ ਤਿੰਨਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਤਿੰਨੋਂ ਅੱਤਵਾਦੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।