ਪੜਚੋਲ ਕਰੋ
Advertisement
(Source: ECI/ABP News/ABP Majha)
ਸੁਖਬੀਰ ਬਾਦਲ ਕੋਲ 'ਦਾਗ' ਧੋਣ ਦਾ ਸੁਨਹਿਰੀ ਮੌਕਾ
ਸੇਵਾ ਸਿੰਘ ਵਿਰਕ
ਚੰਡੀਗੜ੍ਹ: ਗੰਭੀਰ ਪੰਥਕ ਤੇ ਸਿਆਸੀ ਸੰਕਟ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ 13 ਨਵੰਬਰ ਨੂੰ 'ਧਰਮ ਦੀ ਸਿਆਸਤ ਲਈ ਵਰਤੋਂ' ਦਾ ਦਾਗ ਧੋਣ ਲਈ ਸੁਨਹਿਰੀ ਮੌਕਾ ਹੈ। 13 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ ਹੈ। ਇਸ ਮੌਕੇ ਅਕਾਲੀ ਦਲ ਵੱਲੋਂ ਸਰਬ ਪ੍ਰਵਾਨਿਤ ਸ਼ਖ਼ਸ ਨੂੰ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਸੌਂਪ ਕੇ ਪੰਥ ਨੂੰ ਇੱਕਜੁਟ ਕਰਨ ਦਾ ਉਪਰਾਲਾ ਕੀਤਾ ਜਾ ਸਕਦਾ ਹੈ।
ਇਸ ਬਾਰੇ ਵਿਚਾਰਾਂ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਬਾਰੇ ਹੀ ਚਰਚਾ ਚੱਲ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਸ਼ਾਖ ਬਹਾਲ ਕਰਕੇ ਹੀ ਸਿੱਖਾਂ ਦੇ ਮਨ ਜਿੱਤੇ ਜਾ ਸਕਦੇ ਹਨ।
ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਅਜਿਹੇ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਬਾਦਲ ਕਿਸੇ ਗੈਰ ਭਰੋਸੇਮੰਦ ਸ਼ਖ਼ਸ ਨੂੰ ਸ਼੍ਰੋਮਣੀ ਕਮੇਟੀ ਦੀ ਕਮਾਨ ਸੌਂਪਣ ਤੋਂ ਸੰਕੋਚ ਹੀ ਕਰਨਗੇ। ਉਹ ਜਾਣਦੇ ਹਨ ਕਿ ਇਸ ਵੇਲੇ ਅਕਾਲੀ ਦਲ ਦੀ ਬਜਾਏ ਬਾਦਲ ਪਰਿਵਾਰ ਖਿਲਾਫ ਜ਼ਿਆਦਾ ਗੁੱਸਾ ਹੈ। ਪਾਰਟੀ ਦੇ ਸੀਨੀਅਰ ਲੀਡਰ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ ਲਈ ਕਹਿ ਰਹੇ ਹਨ। ਅਜਿਹੇ ਵਿੱਚ ਉਹ ਕੋਈ ਰਿਸਕ ਨਹੀਂ ਲੈਣਗੇ।
ਇਸ ਲਈ ਬਾਦਲ ਪਰਿਵਾਰ ਦੇ ਖਾਸ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਉੱਪਰ ਮੁੜ ਮੋਹਰ ਲੱਗ ਸਕਦੀ ਹੈ। ਮੀਡੀਆ ਵਿੱਚ ਜਥੇਦਾਰ ਤੋਤਾ ਸਿੰਘ ਤੇ ਅਲਵਿੰਦਰਪਾਲ ਸਿੰਘ ਪੱਖੋਕੇ ਦਾ ਵੀ ਨਾਂ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪ੍ਰਧਾਨ ਬਦਲਣ ਲਈ ਦਬਾਅ ਬਣਿਆ ਤਾਂ ਬਾਦਲ ਪਰਿਵਾਰ ਆਪਣੇ ਕਿਸੇ ਹੋਰ ਭਰੋਸੇਮੰਦ ਲੀਡਰ ਨੂੰ ਅੱਗੇ ਲਿਆ ਸਕਦੇ ਹਨ। ਇਨ੍ਹਾਂ ਵਿੱਚ ਅਲਵਿੰਦਰ ਪਾਲ ਸਿੰਘ ਪੱਖੋਕੇ ਵੀ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਮਾਮੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਾਥ ਛੱਡ ਕੇ ਸੁਖਬੀਰ ਬਾਦਲ ਦਾ ਪੱਲਾ ਫੜਿਆ ਹੈ। ਇਸ ਲਈ ਇਹ ਗੱਲ ਤੈਅ ਹੈ ਕਿ ਬਾਦਲ ਪਰਿਵਾਰ ਅਜੇ ਕਿਸੇ ਸਰਬ ਪ੍ਰਵਾਨਿਤ ਲੀਡਰ ਨੂੰ ਅੱਗੇ ਲਿਆਉਣ ਦਾ ਰਿਸਕ ਨਹੀਂ ਲਵੇਗਾ।
ਕਾਬਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਦੇ ਅਹੁਦਿਆਂ ਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ 13 ਨਵੰਬਰ ਨੂੰ ਜਨਰਲ ਇਜਲਾਸ ਵਿੱਚ ਹੋਣੀ ਹੈ। ਇਸ ਲਈ ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਬੇਸ਼ੱਕ ਪੰਥਕ ਮੁੱਦਿਆਂ 'ਤੇ ਚਰਚਾ ਹੋਏ ਪਰ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਸੁਖਬੀਰ ਬਾਦਲ ਨੂੰ ਹੀ ਸੌਂਪੇ ਜਾਣਗੇ।
ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਨਾਲ ਸਬੰਧਤ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ 12 ਨਵੰਬਰ ਬਾਅਦ ਦੁਪਹਿਰ 4 ਵਜੇ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਸੁਖਬੀਰ ਬਾਦਲ ਮੈਂਬਰਾਂ ਨੂੰ ਭਰੋਸੇ ਵਿੱਚ ਲੈ ਕੇ ਵਿਸ਼ੇਸ਼ ਹਦਾਇਤਾਂ ਦੇਣਗੇ। ਇਸ ਮਗਰੋਂ ਪਾਰਟੀ ਪ੍ਰਧਾਨ ਦੀ ਲਿਸਟ ਵਿੱਚੋਂ ਹੀ ਪ੍ਰਧਾਨ ਤੇ ਅਹੁਦੇਦਾਰ ਨਿਕਲਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement