ਕੌਣ ਹੋਏਗਾ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ? ਇਸ ਹਫਤੇ ਹੋ ਸਕਦੇ ਐਲਾਨ, ਨਵਜੋਤ ਸਿੱਧੂ ਕੱਟ ਸਕਦਾ ਪੱਤਾ
ਪੰਜਾਬ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਜੋਤ ਸਿੱਧੂ ਨੇ ਮੁੜ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਲਈ ਸੂਬਾ ਇਕਾਈ 'ਚ ਲਾਬਿੰਗ ਤੇਜ਼ ਕਰ ਦਿੱਤੀ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਜੋਤ ਸਿੱਧੂ ਨੇ ਮੁੜ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਲਈ ਸੂਬਾ ਇਕਾਈ 'ਚ ਲਾਬਿੰਗ ਤੇਜ਼ ਕਰ ਦਿੱਤੀ ਹੈ। ਉਹ ਲਗਾਤਾਰ ਆਪਣੇ ਸਮਰਥਕ ਆਗੂਆਂ ਤੇ ਵਿਧਾਇਕਾਂ ਨਾਲ ਮੀਟਿੰਗਾਂ ਕਰ ਰਹੇ ਹਨ। ਇਸ ਵੇਲੇ 12 ਅਜਿਹੇ ਆਗੂ ਤੇ ਵਿਧਾਇਕ ਹਨ ਜੋ ਹਰ ਮੌਕੇ ਨਵਜੋਤ ਸਿੱਧੂ ਨਾਲ ਨਜ਼ਰ ਆ ਰਹੇ ਹਨ। ਹਾਈਕਮਾਂਡ ਵੀ ਸਿੱਧੂ ਕੈਂਪ ਦੇ ਇਨ੍ਹਾਂ ਆਗੂਆਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਦੂਜੇ ਪਾਸੇ ਇਸ ਅਹੁਦੇ ਲਈ ਕਈ ਹੋਰ ਸੀਨੀਅਰ ਆਗੂਆਂ ਨੇ ਹਾਈਕਮਾਂਡ ਅੱਗੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦੇ ਮੱਦੇਨਜ਼ਰ ਪਾਰਟੀ ਸੂਤਰਾਂ ਨੇ ਦੱਸਿਆ ਹੈ ਕਿ ਹਾਈਕਮਾਂਡ ਇਸ ਹਫ਼ਤੇ ਪੰਜਾਬ ਲਈ ਨਵੇਂ ਮੁਖੀ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਮੁੜ ਪ੍ਰਧਾਨ ਦਾ ਅਹੁਦਾ ਨਹੀਂ ਮਿਲੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਅੰਦਰ ਕਲੇਸ਼ ਤੇ ਗੁੱਟਬੰਦੀ ਹੋਰ ਵਧ ਸਕਦੀ ਹੈ।
ਇਸ ਮੁੱਦੇ 'ਤੇ ਸੋਨੀਆ ਗਾਂਧੀ ਨੇ ਹਾਲ ਹੀ 'ਚ ਦਿੱਲੀ 'ਚ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜਿਸ 'ਚ ਸਾਰੇ ਨੇਤਾਵਾਂ ਨੇ ਸਿੱਧੂ ਬਾਰੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਇੰਨੀ ਵੱਡੀ ਹਾਰ 'ਚ ਪ੍ਰਧਾਨ ਦੀ ਭੂਮਿਕਾ ਵੀ ਅਹਿਮ ਕਾਰਨ ਹੈ। ਇਸੇ ਦੌਰਾਨ ਸੋਨੀਆ ਗਾਂਧੀ ਇਸ ਹਫ਼ਤੇ ਪੰਜਾਬ ਦੇ ਆਗੂਆਂ ਨਾਲ ਇੱਕ ਹੋਰ ਮੀਟਿੰਗ ਕਰਨ ਜਾ ਰਹੀ ਹੈ, ਜਿਸ ਵਿੱਚ ਸੂਬਾ ਪ੍ਰਧਾਨ ਲਈ ਦਾਅਵੇਦਾਰਾਂ ਦੇ ਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਹਫਤੇ ਨਵੇਂ ਮੁਖੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ ਨਵਜੋਤ ਸਿੱਧੂ ਨੇ ਹਾਈਕਮਾਂਡ ਦੀਆਂ ਮੀਟਿੰਗਾਂ ਦੇ ਬਰਾਬਰ ਪੰਜਾਬ ਵਿੱਚ ਮੀਟਿੰਗਾਂ ਕਰਨ ਤੋਂ ਬਾਅਦ ਹੁਣ ਬਰਗਾੜੀ ਤੇ ਚੰਡੀਗੜ੍ਹ ਦੇ ਮੁੱਦੇ 'ਤੇ ਆਪਣੀ ਸਰਗਰਮੀ ਵਧਾ ਕੇ ਹਾਈਕਮਾਂਡ 'ਤੇ ਦਬਾਅ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਸੂਬੇ ਦੇ ਕਈ ਸੀਨੀਅਰ ਆਗੂਆਂ ਨੇ ਨਵੇਂ ਪ੍ਰਧਾਨ ਵਜੋਂ ਆਪਣੀ ਦਾਅਵੇਦਾਰੀ ਜਤਾਈ ਹੈ, ਜਿਸ ਦੇ ਮੱਦੇਨਜ਼ਰ ਹਾਈਕਮਾਂਡ ਵੀ ਸੂਬਾ ਇਕਾਈ 'ਚ ਕਿਸੇ ਨਵੀਂ ਧੜੇਬੰਦੀ ਤੋਂ ਬਚਣ ਲਈ ਨਵੇਂ ਚਿਹਰਿਆਂ 'ਤੇ ਵਿਚਾਰ ਕਰ ਰਹੀ ਹੈ।
ਇਸ ਸਮੇਂ ਜਿਨ੍ਹਾਂ ਆਗੂਆਂ ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ, ਉਨ੍ਹਾਂ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਸ਼ਾਮਲ ਹਨ।