Akali Leader Suicide: ਅਕਾਲੀ ਲੀਡਰ ਨੇ ਕਿਉਂ ਮਾਰੀਆਂ ਮਾਂ ਤੇ ਧੀ ਨੂੰ ਗੋਲੀਆਂ? ਪੁਲਿਸ ਵੱਲੋਂ ਖੁਲਾਸਾ
ਬਰਨਾਲਾ ਵਿੱਚ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਦੀ ਪਤਨੀ ਬਚ ਗਈ ਕਿਉਂਕਿ ਉਹ ਦੁੱਧ ਲੈਣ ਬਾਹਰ ਗਈ ਹੋਈ ਸੀ।
Akali Leader Suicide after Murder: ਬਰਨਾਲਾ ਵਿੱਚ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਦੀ ਪਤਨੀ ਬਚ ਗਈ ਕਿਉਂਕਿ ਉਹ ਦੁੱਧ ਲੈਣ ਬਾਹਰ ਗਈ ਹੋਈ ਸੀ। ਕੁਲਵੀਰ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਹੁਣ ਇਸ ਬਾਰੇ ਬਰਨਾਲਾ ਦੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਮਾਨ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਲਈ ਦਵਾਈਆਂ ਵੀ ਲੈ ਰਿਹਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਸਰਜਰੀ ਵੀ ਹੋਈ ਸੀ। ਉਸ ਨੂੰ ਸੌਣ ਵਿੱਚ ਵੀ ਤਕਲੀਫ਼ ਹੁੰਦੀ ਸੀ। ਇਸ ਲਈ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਹੋ ਰਹੀ ਹੈ।
ਡੀਐਸਪੀ ਨੇ ਦੱਸਿਆ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਹੈ ਕਿ ਕੁਲਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਲੜਕੀ ਨੂੰ ਗੋਲੀਆਂ ਮਾਰੀਆਂ। ਫਿਰ ਮਾਂ ਤੇ ਕੁੱਤੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਦਾ ਪੋਸਟਮਾਰਟਮ ਹੋਵੇਗਾ। ਪੁਲਿਸ ਨੇ ਕੁਲਵੀਰ ਮਾਨ ਦੀ ਪਤਨੀ ਦੇ ਬਿਆਨਾਂ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।
ਦੱਸ ਦਈਏ ਕਿ ਕੁਲਵੀਰ ਮਾਨ ਅਕਾਲੀ ਆਗੂ ਸਨ। ਬਰਨਾਲਾ ਤੋਂ ਅਕਾਲੀ ਦਲ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਸੀ। ਕੁਲਵੀਰ ਮਾਨ ਨੇ ਯੂਥ ਅਕਾਲੀ ਆਗੂ ਵਜੋਂ ਸੇਵਾ ਨਿਭਾਈ ਸੀ। ਇਸ ਤੋਂ ਇਲਾਵਾ ਕੁਲਵੀਰ ਮਾਨ ਲੰਮਾ ਸਮਾਂ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਵੀ ਰਹੇ। ਇੱਕ ਸਮਾਜ ਸੇਵੀ ਵਜੋਂ ਮਾਨ ਦਾ ਸ਼ਹਿਰ ਵਿੱਚ ਚੰਗਾ ਅਕਸ ਸੀ।
ਦਰਅਸਲ ਅਕਾਲੀ ਆਗੂ ਕੁਲਵੀਰ ਸਿੰਘ ਮਾਨ ਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁੱਧ ਲੈਣ ਗਈ ਹੋਈ ਸੀ। ਇਸ ਤੋਂ ਬਾਅਦ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ 'ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਤਾ ਬਲਵੰਤ ਕੌਰ ਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁਲਵੀਰ ਨੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। ਅਕਾਲੀ ਆਗੂ ਕੁਲਵੀਰ ਮਾਨ ਨੇ ਅੱਧੇ ਘੰਟੇ ਦੇ ਅੰਦਰ ਹੀ ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਦੁੱਧ ਲੈਣ ਗਈ ਹੋਈ ਸੀ। ਅੱਧੇ ਘੰਟੇ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਸ ਦੇ ਹੋਸ਼ ਉੱਡ ਗਏ। ਉਨ੍ਹਾਂ ਦੇ ਘਰ ਵਿੱਚ ਚਾਰ ਲਾਸ਼ਾਂ ਪਈਆਂ ਸਨ।
ਕੁਲਵੀਰ ਮਾਨ ਨੇ ਸਭ ਤੋਂ ਵੱਧ ਗੋਲੀਆਂ ਆਪਣੀ 21 ਸਾਲਾ ਧੀ ਨਿਮਰਤ ਕੌਰ 'ਤੇ ਚਲਾਈਆਂ। ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਨਾਲ ਛੁੱਟੀਆਂ ਮਨਾਉਣ ਆਈ ਸੀ। ਕੁਲਵੀਰ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਬੇਟੀ 'ਤੇ ਤਿੰਨ ਗੋਲੀਆਂ ਚਲਾਈਆਂ। ਫਿਰ ਉਸ ਨੇ ਬਜ਼ੁਰਗ ਮਾਂ ਨੂੰ ਦੋ ਗੋਲੀਆਂ ਤੇ ਕੁੱਤੇ ਨੂੰ ਇੱਕ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।