ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਅੱਗੇ ਤੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਉਨਾਂ ਦੀ ਸੇਵਾ ਮੁਕਤੀ ਦਾ ਸਮੂਹ ਜਥੇਬੰਦੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀ ਪ੍ਰਵਾਨਗੀ ਦੇ ਨਾਲ ਵਿਧੀ ਵਿਧਾਨ ਲਿਖਤੀ ਰੂਪ ਵਿੱਚ ਬਣਾਇਆ ਜਾਵੇ ਤਾਂ ਕਿ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਤੇ ਸਤਿਕਾਰ ਨੂੰ ਸਦੀਵ ਕਾਲ ਲਈ ਬਹਾਲ ਰੱਖਿਆ ਜਾ ਸਕੇ।
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਮਗਰੋਂ ਨਵੇਂ ਜਥੇਦਾਰ ਥਾਪ ਦਿੱਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਵੀ ਹੋਵੇਗਾ। ਇਸ ਵਿਵਾਦ ਤੋਂ ਬਾਅਦ ਹੁਣ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਡਾ ਪੰਥਕ ਇਕੱਠ ਸੱਦਿਆ ਗਿਆ ਸੀ ਜਿਸ ਵਿੱਚ ਵੱਡੇ ਮਤੇ ਪਾਸ ਕੀਤੇ ਗਏ ਹਨ।
ਅੱਜ ਦਾ ਇਹ ਪੰਥਕ ਇਕੱਠ ਭਾਈ ਕੁਲਦੀਪ ਸਿੰਘ ਗੜਗੱਜ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਨਿਯੁਕਤੀ ਰੱਦ ਕਰਦਾ ਹੈ। ਇਸ ਦੇ ਨਾਲ ਹੀ ਬਾਬਾ ਟੇਕ ਸਿੰਘ ਧਨੌਲਾ ਦੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਵਜੋਂ ਨਿਯੁਕਤੀ ਰੱਦ ਕਰਦਾ ਕਿਉਂਕਿ ਇਹ ਨਿਯੁਕਤੀਆਂ ਪੰਥਕ ਪਰੰਪਰਾਵਾਂ ਅਤੇ ਭਾਵਨਾਵਾਂ ਦੇ ਅਨੁਕੂਲ ਨਹੀਂ ਹਨ ਇਹ ਪੰਥਕ ਇਕੱਠ ਪੂਰੀ ਸਿੱਖ ਕੌਮ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ।
ਅੱਜ ਦਾ ਇਹ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਅੱਗੇ ਤੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਉਨਾਂ ਦੀ ਸੇਵਾ ਮੁਕਤੀ ਦਾ ਸਮੂਹ ਜਥੇਬੰਦੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀ ਪ੍ਰਵਾਨਗੀ ਦੇ ਨਾਲ ਵਿਧੀ ਵਿਧਾਨ ਲਿਖਤੀ ਰੂਪ ਵਿੱਚ ਬਣਾਇਆ ਜਾਵੇ ਤਾਂ ਕਿ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਤੇ ਸਤਿਕਾਰ ਨੂੰ ਸਦੀਵ ਕਾਲ ਲਈ ਬਹਾਲ ਰੱਖਿਆ ਜਾ ਸਕੇ।
ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਤੇ ਸਤਿਕਾਰ ਨੂੰ ਜੋ ਢਾਹ ਲੱਗੀ ਹੈ ਅਤੇ ਸਿੱਖ ਪੰਥ ਵਿੱਚ ਜੋ ਵੀ ਸੰਕਟ ਬਣੇ ਹਨ। ਉਹਨਾਂ ਸੰਬੰਧੀ ਅੱਜ ਦਾ ਇਹ ਪੰਥਕ ਇਕੱਠ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਨੂੰ ਅਪੀਲ ਕਰਦਾ ਹੈ ਕਿ ਉਹ ਸਮੂਹ ਸੰਤ ਸਮਾਜ, ਸਿੱਖ ਸੰਪਰਦਾਵਾਂ, ਸੰਤਾਂ ਮਹਾਂਪੁਰਖਾਂ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਪੰਥ ਨੂੰ ਇਹਨਾਂ ਦਰਪੇਸ਼ ਸੰਕਟਾਂ ਚੋਂ ਬਾਹਰ ਕੱਢਣ ਵਾਸਤੇ ਅਗਵਾਈ ਕਰਨ ਕਿਉਂਕਿ ਦਮਦਮੀ ਟਕਸਾਲ ਦਾ ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਪੰਥ ਵਿੱਚ ਪੈਦਾ ਹੋਏ ਧਾਰਮਿਕ ਅਤੇ ਰਾਜਸੀ ਸੰਕਟਾਂ ਸਮੇਂ ਦਮਦਮੀ ਟਕਸਾਲ ਦੇ ਮੁਖੀ ਸਾਹਿਬਾਨ ਹੀ ਪੰਥ ਦੀ ਅਗਵਾਈ ਕਰਦੇ ਰਹੇ ਹਨ ਅਤੇ ਅੱਜ ਦੇ ਸਮੈਂ ਦੀ ਇਹ ਵੱਡੀ ਲੋੜ ਵੀ ਹੈ






















