ਨਵੀਂ ਦਿੱਲੀ: ਰਾਮ ਮੰਦਰ ਲਈ 1,200 ਥੰਮ੍ਹਾਂ ਦੀ ਜੋ ਡ੍ਰਾਇੰਗ ਤਿਆਰ ਕੀਤੀ ਗਈਸੀ, ਉਹ ਫ਼ਿਲਹਾਲ ਕਾਮਯਾਬ ਹੁੰਦੀ ਨਹੀਂ ਦਿਸ ਰਹੀ ਹੈ। ਨਿਰਮਾਣ ਤੋਂ ਪਹਿਲਾਂ ਟੈਸਟਿੰਗ ਲਈ ਜਦੋਂ ਕੁਝ ਥੰਮ੍ਹ ਸਵਾ ਸੌ ਫ਼ੁੱਟ ਡੂੰਘਾਈ ਤੱਕ ਪਾਏ ਗਏ ਤੇ ਉਨ੍ਹਾਂ ਨੂੰ 28 ਤੋਂ 30 ਦਿਨਾਂ ਤੱਕ ਮਜ਼ਬੂਤੀ ਲਈ ਪਕਾਇਆ ਗਿਆ ਤੇ ਫਿਰ ਉਨ੍ਹਾਂ ਉੱਤੇ 700 ਟਨ ਦਾ ਬੋਝ ਪਾਇਆ ਗਿਆ, ਤਾਂ ਉਹ ਇਸ ਪਰਖ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਏ। ਹੁਣ ਮੰਦਰ ਦੀ ਨੀਂਹ ਦੇ ਪੂਰੇ ਡਿਜ਼ਾਇਨ ਨੂੰ ਹੀ ਨਵੇਂ ਸਿਰੇ ਤੋਂ ਬਣਾਇਆ ਤੇ ਪਰਖਿਆ ਜਾ ਰਿਹਾ ਹੈ।






ਇਸ ਲਈ ਦੇਸ਼ ਭਰ ਦੇ ਵੱਡੇ ਮਾਹਿਰਾਂ ਨੂੰ ਨਾਲ ਬਿਠਾ ਕੇ ਖੋਜ ਹੋ ਰਹੀ ਹੈ। ਇਸ ਮੁੱਦੇ ਉੱਤੇ ਵੀ ਖੋਜ ਹੋ ਰਹੀ ਹੈ ਕਿ ਜੇ ਕਿਤੇ ਪੱਛਮ ’ਚ ਵਹਿੰਦੀ ਸਰਯੂ ਨਦੀ ਨੇ ਆਪਣਾ ਵਹਿਣ ਬਦਲ ਲਿਆ, ਤਾਂ ਉਸ ਹਾਲਤ ਵਿੱਚ ਮੰਦਰ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਲਈ ਮੰਦਰ ਦੇ ਚਾਰੇ ਪਾਸੇ ਕੰਕ੍ਰੀਟ ਦੀ ਕੰਧ ਭਾਵ ਪੁਸ਼ਤਾ-ਦੀਵਾਰ ਬਣਾਈ ਜਾਵੇਗੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਜਨਵਰੀ 2021 ’ਚ ਰਾਮ ਮੰਦਰ ਦਾ ਕੰਮ ਸ਼ੁਰੂ ਹੋਣ ਦੀ ਆਸ ਪ੍ਰਗਟਾਈ ਹੈ।





ਚੰਪਤ ਰਾਏ ਨੇ ਦੱਸਿਆ ਕਿ ਜਿਸ ਲੈਵਲ ਉੱਤੇ ਮੰਦਰ ਦੀ ਉਸਾਰੀ ਹੋਣੀ ਹੈ, ਉਸ ਦੇ ਹੇਠਾਂ 50 ਫ਼ੁੱਟ ਤੱਕ ਡੂੰਘਾਈ ਹੈ। ਉੱਥੇ ਜ਼ਮੀਨ ਦੇ ਹੇਠਾਂ 17 ਮੀਟਰ ਤੱਕ ਤਾਂ ਭਰਾਓ ਹੈ ਪਰ ਉਸ ਤੋਂ ਹੇਠਾਂ ਭੁਰਭੁਰੀ ਰੇਤ ਹੀ ਹੈ ਤੇ ਕੁਝ ਵੀ ਠੋਸ ਨਹੀਂ ਹੈ। ਇਸੇ ਲਈ ਹੁਣ ਚੇਨਈ, ਮੁੰਬਈ, ਦਿੱਲੀ, ਗੁਹਾਟੀ ਸਥਿਤ ਆਈਆਈਟੀ ਤੇ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਰੁੜਕੀ, ਉਸ ਦੇ ਮੌਜੂਦਾ ਤੇ ਸੇਵਾ ਮੁਕਤ ਦੋਵੇਂ ਵਿਗਿਆਨੀ ਤੇ ਪ੍ਰੋਫ਼ੈਸਰ, ਟਾਟਾ ਤੇ ਲਾਰਸਨ ਐਂਡ ਟੂਬਰੋ ਦੇ ਤਜਰਬੇਕਾਰ ਲੋਕ ਤੇ ਸਾਡੇ ਵੱਲੋਂ ਨਿਯੁਕਤ ਪ੍ਰੋਜੈਕਟ ਮੈਨੇਜਰ ਮਹਾਰਾਸ਼ਟਰ ਔਰੰਗਾਬਾਦ ਦੇ ਜਗਦੀਸ਼ ਜੀ ਵੀ ਮਿਲਕੇ ਚਰਚਾ ਕਰ ਰਹੇ ਹਨ।