ਪੜਚੋਲ ਕਰੋ
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ 'ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਬਾਰੇ ਜ਼ੁਰਮ ਤੇ ਘਰੇਲੂ ਹਿੰਸਾ ਨਾਲ ਜੁੜੀਆਂ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਲਵਿੰਦਰ ਸਿੰਘ ਨੇ ਆਪਣੀ ਪਤਨੀ ਤੇ ਸੱਸ ਦਾ ਕਤਲ ਕਰ ਦਿੱਤਾ ਤੇ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ। ਸਵਾਲ ਇਹ ਹੈ ਕਿ ਜਿਹੜਾ ਪੰਜਾਬੀ ਆਪਣੀ ਜ਼ਿੰਦਗੀ ਦੀ ਸੁਖ ਸਾਂਤੀ ਲਈ ਪੰਜਾਬ ਤੋਂ ਵਿਦੇਸ਼ ਗਿਆ ਸੀ, ਉਹ ਸੁਖ਼ ਤੇ ਖੁਸ਼ੀ ਦੀ ਥਾਂ ਹਿੰਸਾ ਤੇ ਜ਼ੁਰਮ ਵੱਲ ਕਿਉਂ ਵਧ ਰਿਹਾ ਹੈ? ਪੱਛਮ ਦੀ ਜ਼ਿੰਦਗੀ ਬੇਹੱਦ ਪਦਾਰਥਕ ਹੈ। ਰੂਹ ਨਾਲ ਬੰਦੇ ਦਾ ਕੋਈ ਰਿਸ਼ਤਾ ਨਹੀਂ। ਰੂਹਾਨੀਅਤ ਖ਼ਤਮ ਹੋਣ ਵਰਗੀ ਗੱਲ ਹੈ। ਲੋਕਾਂ ਦੀਆਂ ਰੂਹਾਨੀ ਸੰਵੇਦਨਾਵਾਂ ਮਰ ਚੁੱਕੀਆਂ ਜਾਂ ਮਰ ਰਹੀਆਂ ਹਨ। ਜ਼ਿੰਦਗੀ 'ਚ ਵੱਡਾ ਖਲਾਅ ਹੈ ਤੇ ਬਾਹਰੋਂ ਜਾਣ ਕਾਰਨ ਪ੍ਰਵਾਸੀਆਂ ਲਈ ਇਹ ਖਲਾਅ ਹੋਰ ਵੀ ਵੱਡਾ ਹੋ ਜਾਂਦਾ ਹੈ। ਪ੍ਰਵਾਸੀ ਬਾਹਰੋਂ ਤਾਂ ਬਹੁਤ ਆਧੁਨਿਕ ਹੋ ਗਏ ਹਨ ਪਰ ਅੰਦਰੋਂ ਅਜੇ ਵੀ ਉਹ ਉੱਥੇ ਹੀ ਖੜ੍ਹੇ ਹਨ ਜਿੱਥੋਂ ਉਹ ਗਏ ਸੀ। ਇਹ ਵੀ ਉੱਥਲ-ਪੁੱਥਲ ਦਾ ਵੱਡਾ ਕਾਰਨ ਹੈ। ਪ੍ਰਵਾਸ ਦੀ ਜ਼ਿੰਦਗੀ ਏਨੀ ਜ਼ਿਆਦਾ ਤੇਜ਼ ਹੈ ਕਿ ਉੱਥੇ ਜ਼ਿਆਦਾਤਰ ਲੋਕਾਂ ਕੋਲ ਆਪਣੇ ਆਪ ਲਈ ਸਮਾਂ ਵੀ ਨਹੀਂ ਹੈ। ਮਨੁੱਖ ਨੂੰ ਜਿਉਣ ਲਈ ਜੋ ਹਾਂਪੱਖੀ ਊਰਜਾ ਚਾਹੀਦੀ ਹੁੰਦੀ ਹੈ, ਉਸ ਦੀ ਸਪੇਸ ਪ੍ਰਵਾਸ ਦੀ ਜ਼ਿੰਦਗੀ 'ਚ ਘੱਟ ਹੈ। ਜ਼ਿੰਦਗੀ ਦਾ ਵੱਡਾ ਹਿੱਸਾ ਘਰ ਤੋਂ ਕੰਮ ਤੇ ਕੰਮ ਤੋਂ ਘਰ ਵੱਲ ਹੈ। ਅਜਿਹੇ 'ਚ ਬੰਦੇ ਦੀ ਰੂਹ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਸ਼ਾਇਦ ਉਸੇ 'ਚੋਂ ਹੀ ਅੱਗੇ ਜ਼ੁਰਮ, ਹਿੰਸਾ ਆਦਿ ਨਿਕਲਦੇ ਹਨ। ਬਹੁਤੇ ਗੋਰੇ ਵਿਖਾਵੇ ਦੀ ਜ਼ਿੰਦਗੀ 'ਚ ਯਕੀਨ ਨਹੀਂ ਰੱਖਦੇ ਪਰ ਪੰਜਾਬੀ ਉੱਥੇ ਵੀ ਬਹੁਤ ਜ਼ਿਆਦਾ ਵਿਖਾਵਾ ਕਰਦੇ ਹਨ। ਆਪਣੀਆਂ ਲੋੜੋਂ ਵੱਧ ਖ਼ਵਾਹਿਸ਼ਾਂ ਦੀ ਪੂਰਤੀ ਵੀ ਬਹੁਤ ਸਾਰੇ ਪੁਆੜਿਆਂ ਦੀ ਜੜ੍ਹ ਹੈ। ਰਿਸ਼ਤਿਆਂ ਅੰਦਰਲੀ ਈਰਖਾ ਵੀ ਅਧੂਰੇਪਣ ਦਾ ਅਹਿਸਾਸ ਜਗਾਉਂਦੀ ਹੈ ਤੇ ਇਹ ਅਧੂਰੇਪਣ ਦਾ ਅਹਿਸਾਸ ਨਿਰੰਤਰ ਵਧਦਾ ਜਾ ਰਿਹਾ ਹੈ। ਫੇਰ ਇਹੀ ਜ਼ੁਰਮ ਜਾਂ ਹਿੰਸਾ ਨੂੰ ਜਨਮ ਦੇ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















