ਕਿਸਾਨ ਹਮਾਇਤੀ ਫਿਲਮੀ ਸਿਤਾਰਿਆਂ ’ਤੇ ਛਾਪਿਆਂ ਖਿਲਾਫ ਡਟਿਆ ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚੇ ਨੇ ਬੌਲੀਵੁੱਡ ਅਦਾਕਾਰ ਤਾਪਸੀ ਪੰਨੂ ਤੇ ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਹੋਰ ਸਿਤਾਰਿਆਂ ਦੇ ਟਿਕਾਣਿਆਂ ਉੱਪਰ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੀ ਤਿੱਖੀ ਅਲੋਚਨਾ ਕੀਤੀ ਹੈ।
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਬੌਲੀਵੁੱਡ ਅਦਾਕਾਰ ਤਾਪਸੀ ਪੰਨੂ ਤੇ ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਹੋਰ ਸਿਤਾਰਿਆਂ ਦੇ ਟਿਕਾਣਿਆਂ ਉੱਪਰ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੀ ਤਿੱਖੀ ਅਲੋਚਨਾ ਕੀਤੀ ਹੈ। ਮੋਰਚੇ ਨੇ ਕੇਂਦਰੀ ਏਜੰਸੀਆਂ ਜਾਂ ਵਿਭਾਗਾਂ ਵੱਲੋਂ ਆਏ ਦਿਨ ਕਿਸਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦੇ ਹੋਏ ਕੇਂਦਰ ਸਰਕਾਰ ਦੀ ਮੋਰਚੇ ਪ੍ਰਤੀ ਨਰਾਜ਼ਗੀ ਨੂੰ ਗ਼ਲਤ ਤਰੀਕੇ ਨਾਲ ਜ਼ਾਹਿਰ ਕਰਨ ਦਾ ਜ਼ਰੀਆ ਕਰਾਰ ਦਿੱਤਾ ਹੈ।
ਮੋਰਚੇ ਦੇ ਲੀਡਰਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਿਸਾਨਾਂ ਦੇ ਹਮਾਇਤੀ ਆੜ੍ਹਤੀਆਂ ਉਪਰ ਛਾਪੇ ਮਾਰੇ ਗਏ ਸੀ। ਮੋਰਚੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕੌਮੀ ਤੇ ਕੌਮਾਂਤਰੀ ਹਸਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਅਜਿਹੇ ਹੱਥਕੰਡੇ ਨਹੀਂ ਵਰਤਣੇ ਚਾਹੀਦੇ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਆਪਣੇ ਟੀਚੇ ਲਈ ਦ੍ਰਿੜ ਹਨ।
ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਵੀ ਬਜਾਏ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲਗਾਤਾਰ ਛਾਪੇ ਮਾਰ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਤੇ ਅਨੁਰਾਗ ਕਸ਼ਯਪ ਦੇ ਟਿਕਾਣਿਆਂ ਉਪਰ ਆਮਦਨ ਕਰ ਮਹਿਕਮੇ ਵੱਲੋਂ ਛਾਪੇਮਾਰੀ ਕੀਤੀ ਗਈ। ਕਿਸਾਨ ਆਗੂ ਨੇ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਇਨ੍ਹਾਂ ਸਾਰੇ ਯਤਨਾਂ ਦੀ ਸਖ਼ਤ ਨਿੰਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੀ ਕੇਂਦਰ ਸਰਕਾਰ ਨੇ ਆੜ੍ਹਤੀਆਂ ’ਤੇ ਛਾਪੇ ਮਾਰ ਕੇ ਕਿਸਾਨਾਂ ਦੇ ਹਮਾਇਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਦੇ ਦ੍ਰਿੜ ਹੌਸਲਿਆਂ ਕਰਕੇ ਤਿੰਨ ਮਹੀਨੇ ਤੋਂ ਮੋਰਚੇ ਸਫਲਤਾ ਨਾਲ ਜਾਰੀ ਹਨ ਤੇ ਤਿੰਨੋਂ ਕਾਨੂੰਨ ਰੱਦ ਕਰਵਾਉਣਾ ਉਨ੍ਹਾਂ ਦਾ ਟੀਚਾ ਹੈ। ਚੇਤੇ ਰਹੇ ਕਈ ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲੀਆਂ ਬੌਲੀਵੁੱਡ ਹਸਤੀਆਂ ’ਚ ਤਾਪਸੀ ਪੰਨੂ ਵੀ ਸ਼ਾਮਲ ਹੈ।
ਉਧਰ, ਮਹਾਰਾਸ਼ਟਰ ਦੇ ਮੰਤਰੀ ਤੇ ਐਨਸੀਪੀ ਆਗੂ ਨਵਾਬ ਮਲਿਕ ਨੇ ਇਨ੍ਹਾਂ ਛਾਪਿਆਂ ਨੂੰ ਉਨ੍ਹਾਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ ਜੋ ਮੋਦੀ ਸਰਕਾਰ ਖ਼ਿਲਾਫ਼ ਬੋਲਦੇ ਹਨ। ਮਲਿਕ ਨੇ ਕਿਹਾ ਕਿ ਈਡੀ, ਸੀਬੀਆਈ ਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਸਰਕਾਰ ਵਿਰੋਧੀ ਸਟੈਂਡ ਲੈਂਦੇ ਹਨ ਤੇ ਹਾਕਮਾਂ ਦੀਆਂ ਨੀਤੀਆਂ ਖ਼ਿਲਾਫ਼ ਬੋਲਦੇ ਹਨ।