ਨਵਜੋਤ ਸਿੱਧੂ ਤੇ ਕੇਜਰੀਵਾਲ ਵਿਚਾਲੇ ਗੁਪਤ ਮੀਟਿੰਗਾਂ? ਕੈਪਟਨ ਦਾ ਦਾਅਵਾ, 'ਆਪ' 'ਚ ਹੋਏਗੀ ਸਿੱਧੂ ਦੀ ਐਂਟਰੀ
ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਜੰਗ ਸਿਖਰਾਂ ਨੂੰ ਛੂਹ ਗਈ ਹੈ। ਕੈਪਟਨ ਨੇ ਸ਼ਰੇਆਮ ਇਸ਼ਾਰਾ ਕੀਤਾ ਹੈ ਕਿ ਸਿੱਧੂ ਦੀ ਐਂਟਰੀ ਆਮ ਆਦਮੀ ਪਾਰਟੀ ਵਿੱਚ ਹੀ ਹੋਏਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਵਜੋਤ ਸਿੱਧੀ ਵਿਚਾਲੇ ਗੁਪਤ ਮੀਟਿੰਗਾਂ ਹੋਈਆਂ ਹਨ।
ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਜੰਗ ਸਿਖਰਾਂ ਨੂੰ ਛੂਹ ਗਈ ਹੈ। ਕੈਪਟਨ ਨੇ ਸ਼ਰੇਆਮ ਇਸ਼ਾਰਾ ਕੀਤਾ ਹੈ ਕਿ ਸਿੱਧੂ ਦੀ ਐਂਟਰੀ ਆਮ ਆਦਮੀ ਪਾਰਟੀ ਵਿੱਚ ਹੀ ਹੋਏਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਵਜੋਤ ਸਿੱਧੀ ਵਿਚਾਲੇ ਗੁਪਤ ਮੀਟਿੰਗਾਂ ਹੋਈਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਨਵਜੋਤ ਸਿੱਧੂ ਨੂੰ ‘ਮੌਕਾਪ੍ਰਸਤ’ ਦੱਸਦਿਆਂ ਕਿਹਾ ਕਿ ਮੇਰੇ ’ਤੇ ਸਿਆਸੀ ਹਮਲਿਆਂ ਤੋਂ ਸਾਫ਼ ਹੈ ਕਿ ਉਹ ਮੇਰੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੇ ਹਨ। ਕੈਪਟਨ ਨੇ ਕਿਹਾ ਮੈਨੂੰ ਤਿੰਨ-ਚਾਰ ਵਾਰ ਇਹ ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਕਈ ਗੁਪਤ ਬੈਠਕਾਂ ਹੋ ਚੁੱਕੀਆਂ ਹਨ।
ਕੈਪਟਨ ਨੇ ਅੱਗੇ ਕਿਹਾ ਕਿ ਸਪੱਸ਼ਟ ਹੈ, ਸਿੱਧੂ ਲਈ ਮੇਰੇ ਸਾਰੇ ਦਰਵਾਜ਼ੇ ਬੰਦ ਹਨ। ਸਿੱਧੂ ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਵੀ ਹੁਣ ਸਾਫ਼ ਹੋ ਚੁੱਕਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਟਿਕਟ ਤੋਂ ਚੋਣ ਨਹੀਂ ਲੜਨਗੇ। ‘ਮੇਰੀ ਚੁਣੌਤੀ ਹੈ ਕਿ ਮੈਂ ਜ਼ਮਾਨਤ ਜ਼ਬਤ ਕਰਵਾ ਕੇ ਉਸ ਨੂੰ ਵਾਪਸ ਭੇਜ ਦੇਵਾਂਗਾ।’
‘ਕੈਪਟਨ-ਬਾਦਲ ਵਿਚਾਲੇ ਫ਼ਿਕਸ ਮੈਚ’ ਬਾਰੇ ਕੈਪਟਨ ਨੇ ਕਿਹਾ ਕਿ ਜੇ ਫ਼ਿਕਸ ਮੈਚ ਹੁੰਦਾ, ਤਾਂ ਮੈਨੂੰ ਅਦਾਲਤ ਤੋਂ ਬਰੀ ਹੋਣ ਨੂੰ 14 ਸਾਲ ਕਾਨੂੰਨੀ ਜੰਗ ਨਾ ਲੜਨੀ ਪੈਂਦੀ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀਕਾਂਡ ’ਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਉਹ ਦੋਸ਼ੀ ਪਾਏ ਗਏ, ਤਾਂ ਉਨ੍ਹਾਂ ਦਾ ਨਾਂ ਐਫ਼ਆਈਆਰ ਤੇ ਚਾਲਾਨ ’ਚ ਵੀ ਆਵੇਗਾ। ਇਸ ਮਾਮਲੇ ’ਚ ਹਾਈ ਕੋਰਟ ਦੀ 90 ਪੰਨਿਆਂ ਦੀ ਜੱਜਮੈਂਟ ਪੜ੍ਹੋ, ਤਾਂ ਸਾਫ਼ ਹੋ ਜਾਂਦਾ ਹੈ ਕਿ ਹਾਈਕੋਰਟ ਦਾ ਇਹ ਫ਼ੈਸਲਾ ਇੱਕਤਰਫ਼ਾ ਹੈ।
ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਜੰਗ ਚੱਲ ਰਹੀ ਹੈ। ਕਈ ਵਾਰ ਤਲਖ਼ੀਆਂ ਵਧੀਆਂ ਹਨ ਪਰ ਫਿਰ ਸੀਨੀਅਰ ਆਗੂ ਦੋਵਾਂ ਨੂੰ ਸ਼ਾਂਤ ਕਰਦੇ ਰਹੇ ਹਨ ਪਰ ਇਸ ਵਾਰ ਲੱਗਦਾ ਹੈ ਕਿ ਗੱਲ ਦੂਰ ਤੱਕ ਚਲੀ ਗਈ ਹੈ ਤੇ ਦੋਵਾਂ ਦਾ ਹੁਣ ਪਿਛਾਂਹ ਪਰਤਣਾ ਔਖਾ ਹੈ।