ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਸੁਖਬੀਰ ਬਾਦਲ ਨੂੰ ਅਕਾਲੀਆਂ ਸਣੇ ਲਿਆ ਹਿਰਾਸਤ 'ਚ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਤੋਂ ਮਾਰਚ ਸ਼ੁਰੂ ਕੀਤਾ ਗਿਆ। ਉਹ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਸੀ।
ਮੁਹਾਲੀ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਤੋਂ ਮਾਰਚ ਸ਼ੁਰੂ ਕੀਤਾ ਗਿਆ। ਉਹ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਸੀ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਹਜ਼ਾਰਾਂ ਪਾਰਟੀ ਵਰਕਰ ਇਕੱਤਰ ਹੋਏ ਜਿਥੋਂ ਉਨ੍ਹਾਂ ਟਰੈਕਟਰਾਂ ’ਤੇ ਅਤੇ ਪੈਦਲ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕਰ ਦਿੱਤਾ। ਇਹ ਰੋਸ ਮਾਰਚ ਚੰਡੀਗੜ੍ਹ ਨਾਲ ਲੱਗਦੀ ਸਰਹੱਦ ’ਤੇ ਰੋਕ ਲਿਆ ਗਿਆ ਜਿਥੇ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਰੋਡ ਸੰਘਰਸ਼ ਕਮੇਟੀ ਦੀ ਲੀਡਰਸ਼ਿਪ ਧਰਨੇ ’ਤੇ ਬੈਠ ਗਈ ਤੇ ਫਿਰ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ 19 ਜ਼ਿਲ੍ਹਿਆਂ 'ਚ ਐਕਵਾਇਰ ਕੀਤੀ ਜਾ ਰਹੀ 25 ਹਜ਼ਾਰ ਏਕੜ ਜ਼ਮੀਨ ਦੇ ਮਾਲਕ ਦੋ ਲੱਖ ਕਿਸਾਨਾਂ ਵੱਲੋਂ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਨੁੰ ਅਣਡਿੱਠ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨਾਲ ਧਰੋਹ ਕਮਾ ਰਹੀ ਹੈ ਜੋ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਾਸਤੇ ਕ੍ਰਮਵਾਰ 30 ਅਤੇ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਰਹੀ ਹੈ ਜਦਕਿ ਇਹ ਮੁਆਵਜ਼ਾ ਕ੍ਰਮਵਾਰ 2 ਤੋਂ 3 ਕਰੋੜ ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ 25 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਨਾਲ 75 ਹਜ਼ਾਰ ਏਕੜ ਜ਼ਮੀਨ ਵਰਤੋਂ ਵਿਹੂਣੀ ਹੋ ਜਾਵੇਗੀ ਤੇ ਛੋਟੇ ਛੋਟੇ ਟੁਕੜੇ ਹੋ ਜਾਣਗੇ ਜਿਥੇ ਨਾ ਪਹੁੰਚਿਆ ਜਾ ਸਕੇਗਾ ਤੇ ਨਾ ਹੀ ਸਿੰਜਾਈ ਸਹੂਲਤ ਮਿਲ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 3 ਹਜ਼ਾਰ ਘਰ ਢਾਹ ਦਿੱਤੇ ਜਾਣਗੇ ਤੇ 100 ਪਿੰਡਾਂ ਵਿਚੋਂ ਛਪੜ ਖਤਮ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ ਇਕ ਕਰੋੜ ਦਰੱਖਤ ਕੱਟ ਦਿੱਤੇ ਜਾਣਗੇ ਤੇ ਸੈਂਕੜੇ ਫੈਕਟਰੀਆਂ, ਸ਼ੈਲਰ, ਪੋਲਟਰੀ ਫਾਰਮ, ਭੱਠੇ ਅਤੇ ਡੇਅਰੀ ਫਾਰਮ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜਲ ਸਰੋਤ ਤੇ ਟਿਊਬਵੈਲ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਸਿਰਫ ਕਿਸਾਨਾਂ ਨੂੰ ਪ੍ਰਤੀ ਏਕੜ ਕਰੋੜਾਂ ਰੁਪਏ ਮੁਅਵਾਜ਼ਾ ਦਿੱਤਾ ਬਲਕਿ ਉਨ੍ਹਾਂ ਨੂੰ ਮੁਫਤ ਟਿਊਬਵੈਲ ਵੀ ਦਿੱਤੇ ਸਨ ਤੇ ਅੱਗੇ ਜ਼ਮੀਨ ਦੀ ਰਜਿਸਟਰੀ ਵੀ ਮੁਫਤ ਕਰ ਦਿੱਤੀ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਇਕ ਵਾਰ ਸੂਬੇ 'ਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ।