ਮੋਗਾ ਦੇ ਪਿੰਡ ਨੇ ਪੇਸ਼ ਕੀਤੀ ਮਿਸਾਲ, ਮਸਜਿਦ ਦੇ ਨੀਂਹ ਪੱਥਰ ਲਈ ਗੁਰਦੁਆਰੇ 'ਚ ਸਮਾਗਮ
ਮੋਗਾ ਦੇ ਪਿੰਡ ਭਲੂਰ ਵਿੱਚ ਨੌਜਵਾਨ ਡਾ. ਅਨਵਰ ਖਾਨ ਦੀ ਅਗਵਾਈ ਵਿੱਚ ਪਿੰਡ ਦੇ ਮੁਸਲਮਾਨ ਪਰਿਵਾਰਾਂ ਵਿੱਚੋਂ ਬਣੀ ਕਮੇਟੀ ਦੇ ਉਦਮ ਨਾਲ ਨਵੀਂ ਮਸਜਿਦ ਦੀ ਨੀਂਹ ਰੱਖੀ ਗਈ। ਮੌਸਮ ਖਰਾਬ ਹੋਣ ਕਾਰਨ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮੁਸਲਿਮ ਭਾਈਚਾਰੇ ਦਾ ਪ੍ਰੋਗਰਾਮ ਕਰਵਾਇਆ।
ਮੋਗਾ: ਮੋਗਾ ਦੇ ਪਿੰਡ ਭਲੂਰ ਵਿੱਚ ਨੌਜਵਾਨ ਡਾ. ਅਨਵਰ ਖਾਨ ਦੀ ਅਗਵਾਈ ਵਿੱਚ ਪਿੰਡ ਦੇ ਮੁਸਲਮਾਨ ਪਰਿਵਾਰਾਂ ਵਿੱਚੋਂ ਬਣੀ ਕਮੇਟੀ ਦੇ ਉਦਮ ਨਾਲ ਨਵੀਂ ਮਸਜਿਦ ਦੀ ਨੀਂਹ ਰੱਖੀ ਗਈ। ਮੌਸਮ ਖਰਾਬ ਹੋਣ ਕਾਰਨ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮੁਸਲਿਮ ਭਾਈਚਾਰੇ ਦਾ ਪ੍ਰੋਗਰਾਮ ਕਰਵਾਇਆ। ਜਿਸ ਜਗ੍ਹਾ 'ਤੇ ਹੁਣ ਨਵੀਂ ਮਸਜਿਦ ਬਣ ਰਹੀ ਹੈ, ਉਸ ਜਗ੍ਹਾ 'ਤੇ 1947 ਦੀ ਵੰਡ ਤੋਂ ਪਹਿਲਾਂ ਦੀ ਮਸਜਿਦ ਬਣੀ ਹੋਈ ਸੀ, ਜੋ ਹੌਲੀ ਹੌਲੀ ਖਤਮ ਹੋ ਗਈ ਸੀ।
ਇਸ ਮੌਕੇ ਵਕਫ ਬੋਰਡ ਦੇ ਮੈਂਬਰ ਸਿਤਾਰ ਮੁਹੰਮਦ ਤੇ ਸਰਫਰੋਸ਼ ਅਲੀ ਮੁਸਲਮਾਨ ਸਲਾਹਕਾਰ ਕਮੇਟੀ ਪੰਜਾਬ ਦੇ ਮੈਂਬਰ ਨੇ ਕਿਹਾ ਕਿ ਉਹ ਬੋਰਡ ਦੀ ਮੀਟਿੰਗ ਦੌਰਾਨ ਭਲੂਰ ਵਿਖੇ ਬਣ ਰਹੀ ਮਸਜਿਦ ਵਾਸਤੇ ਗ੍ਰਾਂਟ ਦਾ ਮਤਾ ਪਾਸ ਕਰਵਾ ਕੇ ਜਲਦ ਹੀ ਗ੍ਰਾਂਟ ਦਿਵਾਉਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਸੁਣਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਂਕਿ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਅਸੀਂ ਮਿਥੀ ਜਗ੍ਹਾ 'ਤੇ ਪ੍ਰੋਗਰਾਮ ਨਹੀਂ ਕਰ ਸਕੇ ਪਰ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮੁਸਲਿਮ ਭਾਈਚਾਰੇ ਦਾ ਪ੍ਰੋਗਰਾਮ ਕਰਵਾਇਆ।
ਉਨ੍ਹਾਂ ਕਿਹਾ ਕਿ ਇਸ ਵਾਸਤੇ ਉਹ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜੋ ਸਾਡੇ ਗੁਰੂਆਂ ਤੋਂ ਲੈ ਕੇ ਅੱਜ ਤੱਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚਾ ਮੁਸਲਮਾਨ ਤੇ ਸੱਚਾ ਗੁਰੂ ਦਾ ਸਿੱਖ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਮੌਕੇ ਜਿੱਥੇ ਪੂਰੇ ਪੰਜਾਬ ਵਿੱਚੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਵੱਖ ਵੱਖ ਮਸਜਿਦਾਂ/ਮਦਰੱਸਿਆਂ ਦੇ ਕਾਜ਼ੀ, ਰਾਜਨੀਤਕ ਪਾਰਟੀਆਂ ਦੇ ਮੁਸਲਿਮ ਨੁਮਾਇੰਦੇ, ਮੌਲਾਨਾ ਉਸਮਾਨ ਸਾਹਿਬ ਨਾਇਬ ਸ਼ਾਹੀ ਇਮਾਮ ਲੁਧਿਆਣਵੀ, ਪੰਜਾਬ ਵਕਫ ਬੋਰਡ ਮੈਂਬਰ ਸਿਤਾਰ ਮੁਹੰਮਦ ਲਿਬੜਾ, ਪੰਜਾਬ ਮੁਸਲਿਮ ਕਮੇਟੀ ਦੇ ਸਲਾਹਕਾਰ ਸਰਫੋਰਸ਼ ਅਲੀ ਮੋਗਾ, ਹੰਸ ਰਾਜ ਮੋਫਰ ਸੂਬਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਦੌਰਾਨ ਵੱਖ-ਵੱਖ ਬੁਲਾਰਿਆ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਿੰਡ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਪਿੰਡ ਵਾਸੀ ਰਾਜਬੀਰ ਸਿੰਘ ਨੇ ਕਿਹਾ ਕਿ ਅੱਜ ਪਿੰਡ ਭਲੂਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬਣਾਈ ਜਾ ਰਹੀ ਮਸਜਿਦ ਦੀ ਨੀਂਹ ਰੱਖੀ ਗਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਹੋਏ। ਪਿੰਡ ਵਾਸੀਆਂ ਨੇ ਵੀ ਮੁਸਲਿਮ ਭਾਈਚਾਰੇ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ।
ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਕਿ ਲੰਗਰ ਆਦਿ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ 'ਚ ਕੀਤਾ ਗਿਆ ਤੇ ਮੁਸਲਮਾਨ ਭਾਈਚਾਰੇ ਦੀ ਪਿੰਡ ਵਾਸੀਆਂ ਨਾਲ ਬੈਠਕ ਵੀ ਗੁਰਦੁਆਰਾ ਸਾਹਿਬ ਵਿੱਚ ਹੀ ਕੀਤੀ। ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ 'ਤੇ ਇਸ ਮਸਜਿਦ ਨੂੰ ਬਣਾਉਣ ਲਈ ਦਾਨ ਵੀ ਦਿੱਤਾ ਗਿਆ। ਇਸ ਮੌਕੇ ਰਾਜਵੀਰ ਭਲੂਰੀਆ ਨੇ ਕਿਹਾ ਕਿ ਅੱਜ ਦਾ ਦਿਨ ਸੁਭਾਗਾ ਦਿਨ ਹੈ ਜਦੋਂ ਮੁਸਲਿਮ ਤੇ ਸਿੱਖ ਇੱਕ ਸਥਾਨ 'ਤੇ ਬੈਠ ਕੇ ਇੱਕ ਗੁਰੂ ਘਰ ਦਾ ਨਿਰਮਾਣ ਕਰ ਰਹੇ ਹਨ।