ਕਿਸਾਨਾਂ ਲਈ ਚੇਤਾਵਨੀ! ਅੱਜ ਫਿਰ ਮੀਂਹ ਤੇ ਝੱਖੜ ਦਾ ਖਤਰਾ
ਮੌਸਮ ਦਾ ਉਤਾਰ-ਚੜ੍ਹਾਅ ਜਾਰੀ ਹੈ। ਤੇਜ਼ੀ ਨਾਲ ਬਦਲ ਰਹੇ ਮੌਸਮ ਦੇ ਚੱਲਦਿਆਂ ਦੇਸ਼ ਦੇ ਕਈ ਇਲਾਕਿਆਂ ’ਚ ਮੀਂਹ ਦਾ ਅਲਰਟ ਲਗਾਤਾਰ ਜਾਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਅਗਲੇ ਕੁਝ ਦਿਨ ਉਤਰਾਖੰਡ ’ਚ ਅੰਸ਼ਕ ਬੱਦਲ ਛਾਏ ਰਹਿਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੇ ਵਿੱਚ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਹਨ।
ਨਵੀਂ ਦਿੱਲੀ: ਮੌਸਮ ਦਾ ਉਤਾਰ-ਚੜ੍ਹਾਅ ਜਾਰੀ ਹੈ। ਤੇਜ਼ੀ ਨਾਲ ਬਦਲ ਰਹੇ ਮੌਸਮ ਦੇ ਚੱਲਦਿਆਂ ਦੇਸ਼ ਦੇ ਕਈ ਇਲਾਕਿਆਂ ’ਚ ਮੀਂਹ ਦਾ ਅਲਰਟ ਲਗਾਤਾਰ ਜਾਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਅਗਲੇ ਕੁਝ ਦਿਨ ਉਤਰਾਖੰਡ ’ਚ ਅੰਸ਼ਕ ਬੱਦਲ ਛਾਏ ਰਹਿਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੇ ਵਿੱਚ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਹਨ।
ਰਾਜਧਾਨੀ ਦਿੱਲੀ ’ਚ ਫ਼ਿਲਹਾਲ ਸਵੇਰੇ-ਸ਼ਾਮ ਦੀ ਹਲਕੀ ਠੰਢ ਤਾਂ ਮਹਿਸੂਸ ਕੀਤੀ ਜਾ ਰਹੀ ਹੈ ਪਰ ਦਿਨ ਵੇਲੇ ਤਿੱਖੀ ਧੁੱਪ ਲੋਕਾਂ ਦੇ ਪਸੀਨੇ ਕੱਢ ਰਹੀ ਹੈ। ਉੱਧਰ ਹਰਿਆਣਾ ’ਚ ਦੋ ਦਿਨ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ, ਇਸ ਤੋਂ ਬਾਅਦ ਇੱਥੇ ਲੋਕਾਂ ਨੂੰ ਮੁੜ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਧਰ ਪੰਜਾਬ ਦੇ ਸ਼ਹਿਰ ਜਲੰਧਰ ’ਚ ਅੱਜ ਦਿਨ ਭਰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਅੰਤਰ ਰਹੇਗਾ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਮੌਸਮ ਲਗਪਗ ਸਾਫ਼ ਰਹੇਗਾ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ’ਚ ਮੀਂਹ ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ। ਇੱਥੇ ਤਿੰਨ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਕੁੱਲੂ, ਸ਼ਿਮਲਾ ਤੇ ਸਿਰਮੌਰ ’ਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਤੇ ਬਿਜਲੀ ਡਿੱਗਣ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦਰਅਸਲ, ਜੰਮੂ-ਕਸ਼ਮੀਰ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪੱਛਮੀ ਗੜਬੜੀ ਬਦੀ ਹੋਈ ਹੈ। ਉਧਰ ਉੱਤਰ-ਪੱਛਮੀ ਰਾਜਸਥਾਨ ’ਚ ਚੱਕਰਵਾਤੀ ਸਰਕੂਲੇਸ਼ਨ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲਾ ਦੇ ਕਈ ਹਿੱਸਿਆਂ ’ਚ ਮੀਂਹ ਤੇ ਗਰਜ ਨਾਲ ਛਿੱਟਾਂ ਪੈਣ ਦਾ ਅਨੁਮਾਨ ਹੈ। ਹਰਿਆਣਾ ਦੇ ਕੁਰੂਕਸ਼ੇਤਰ, ਹਿਸਾਰ, ਕਰਨਾਲ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਝੱਖੜ ਝੁੱਲਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
ਰਿਪੋਰਟ ਮੁਤਾਬਕ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ’ਚ ਵੀ ਤੇਜ਼ੀ ਨਾਲ ਮੌਸਮ ਬਦਲੇਗਾ। ਦਿੱਲੀ ’ਚ ਹਨੇਰੀ ਆ ਸਕਦੀ ਹੈ। ਧੂੜ ਭਰੇ ਝੱਖੜ ਦੌਰਾਨ ਉੱਤਰ ਦੇ ਮੈਦਾਨੀ ਇਲਾਕਿਆਂ ’ਚ ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧ ਸਕਦੀ ਹੈ। ਦੱਖਣ ’ਚ ਕੇਰਲ, ਤਾਮਿਲ ਨਾਡੂ ਦੇ ਤੱਟੀ ਇਲਾਕਿਆਂ, ਤਟੀ ਕਰਨਾਟਕ ਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੂਹ ’ਚ ਹਲਕੀ ਵਰਖਾ ਹੋ ਸਕਦੀ ਹੈ।
ਬਿਹਾਰ ਦੇ ਕਈ ਹਿੱਸਿਆਂ ’ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਇੱਥੇ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੇਜ਼ੀ ਨਾਲ ਬਦਲਣ ਲੱਗਾ ਹੈ। ਰਾਜਧਾਨੀ ਪਟਨਾ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ 9 ਅਪ੍ਰੈਲ ਨੂੰ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ’ਚ ਥੋੜ੍ਹੀ ਗਿਰਾਵਟ ਆ ਸਕਦੀ ਹੈ।