Weather update: ਪਾਬੰਦੀ ਦੇ ਬਾਵਜੂਦ ਚੱਲੇ ਰੱਜ ਕੇ ਪਟਾਕੇ, ਦਿੱਲੀ 'ਚ ਵਾਤਾਵਰਨ ਗੰਭੀਰ
Air Pollution: ਦਿੱਲੀ-ਐੱਨਸੀਆਰ 'ਚ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਖੁੱਲ੍ਹ ਕੇ ਆਤਿਸ਼ਬਾਜ਼ੀ ਹੋਈ। ਇਸ ਤੋਂ ਬਾਅਦ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ।
Air Pollution: ਦਿੱਲੀ-ਐੱਨਸੀਆਰ 'ਚ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਖੁੱਲ੍ਹ ਕੇ ਆਤਿਸ਼ਬਾਜ਼ੀ ਹੋਈ। ਇਸ ਤੋਂ ਬਾਅਦ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ। ਦਿੱਲੀ ਦੇ ਜਨਪਥ 'ਤੇ ਸਵੇਰੇ ਪ੍ਰਦੂਸ਼ਣ ਮੀਟਰ (ਪੀਐਮ) 2.5 ਦੀ ਮਿਆਰ 655.07 ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਪਰਾਲੀ ਸਾੜਨ ਦਾ ਯੋਗਦਾਨ ਵਧ ਕੇ 25 ਫੀਸਦੀ ਹੋ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।
ਅੱਜ ਸਵੇਰੇ ਦਿੱਲੀ ਦੇ ਅਸਮਾਨ ਨੂੰ ਧੁੰਦ ਦੀ ਸੰਘਣੀ ਚਾਦਰ ਨੇ ਢੱਕ ਲਿਆ। ਇੱਥੇ ਬਹੁਤ ਸਾਰੇ ਲੋਕਾਂ ਨੇ ਗਲੇ ਵਿੱਚ ਖਾਰਸ਼ ਤੇ ਅੱਖਾਂ ਵਿੱਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ। ਦਿੱਲੀ ਸਰਕਾਰ ਦੇ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਕਈ ਲੋਕ ਸੜਕਾਂ 'ਤੇ ਪਟਾਕੇ ਫੂਕਦੇ ਦੇਖੇ ਗਏ।
ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦੀ ਪਿਛਲੇ 24 ਘੰਟਿਆਂ ਦੀ ਔਸਤ AQI ਵੀਰਵਾਰ ਨੂੰ 382 'ਤੇ ਪਹੁੰਚ ਗਈ, ਜੋ ਬੁੱਧਵਾਰ ਨੂੰ 314 ਸੀ। 24 ਘੰਟੇ ਦੀ ਔਸਤ AQI ਮੰਗਲਵਾਰ ਨੂੰ 303 ਤੇ ਸੋਮਵਾਰ ਨੂੰ 281 ਸੀ।
'ਸਫਰ' ਦੀ ਭਵਿੱਖਬਾਣੀ ਮੁਤਾਬਕ ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਪਰਾਲੀ ਸਾੜਨ ਦਾ ਯੋਗਦਾਨ ਸ਼ੁੱਕਰਵਾਰ ਨੂੰ 35 ਫੀਸਦੀ ਤੇ ਸ਼ਨੀਵਾਰ ਨੂੰ 40 ਫੀਸਦੀ ਤੱਕ ਵਧ ਸਕਦਾ ਹੈ। ਉੱਤਰ-ਪੱਛਮੀ ਹਵਾਵਾਂ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨੂੰ ਦਿੱਲੀ ਵੱਲ ਲੈ ਜਾ ਸਕਦੀਆਂ ਹਨ। SAFAR ਮੁਤਾਬਕ 7 ਨਵੰਬਰ ਦੀ ਸ਼ਾਮ ਤੱਕ ਹੀ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਦੱਸ ਦਈਏ ਕਿ ਜ਼ੀਰੋ ਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਤੇ 100 ਨੂੰ 'ਤਸੱਲੀਬਖਸ਼', 101 ਤੇ 200 ਨੂੰ 'ਦਰਮਿਆਨੀ', 201 ਤੇ 300 ਨੂੰ 'ਮਾੜਾ', 301 ਤੇ 400 ਨੂੰ 'ਬਹੁਤ ਮਾੜਾ' ਤੇ 401 ਤੋਂ 500 ਦੇ ਵਿਚਕਾਰ ਨੂੰ ਗੰਭੀਰ ਮੰਨਿਆ ਜਾਂਦਾ ਹੈ।