ਮਮਤਾ ਬੈਨਰਜੀ ਨੇ ਤੀਜੀ ਪਾਰੀ ਲਈ ਚੁਣੇ ਜਰਨੈਲ
ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਵਜ਼ਾਰਤ ਦਾ ਵਿਸਥਾਰ ਹੋ ਰਿਹਾ ਹੈ। ਰਾਜਪਾਲ ਜਗਦੀਪ ਧਨਖੜ ਅੱਜ 43 ਨਵੇਂ ਮੰਤਰੀਆਂ ਨੂੰ ਸਹੁੰ ਚੁਕਾ ਰਹੇ ਹਨ। ਮਮਤਾ ਬੈਨਰਜੀ ਦੇ ਮੰਤਰੀ ਮੰਡਲ ਵਿੱਚ 24 ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਤੇ 19 ਨੇਤਾਵਾਂ ਨੂੰ ਮੰਤਰੀ ਦਾ ਅਹੁਦਾ ਮਿਲੇਗਾ।
ਕੋਲਕਾਤਾ: ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਵਜ਼ਾਰਤ ਦਾ ਵਿਸਥਾਰ ਹੋ ਰਿਹਾ ਹੈ। ਰਾਜਪਾਲ ਜਗਦੀਪ ਧਨਖੜ ਅੱਜ 43 ਨਵੇਂ ਮੰਤਰੀਆਂ ਨੂੰ ਸਹੁੰ ਚੁਕਾ ਰਹੇ ਹਨ। ਮਮਤਾ ਬੈਨਰਜੀ ਦੇ ਮੰਤਰੀ ਮੰਡਲ ਵਿੱਚ 24 ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਤੇ 19 ਨੇਤਾਵਾਂ ਨੂੰ ਮੰਤਰੀ ਦਾ ਅਹੁਦਾ ਮਿਲੇਗਾ। ਇਨ੍ਹਾਂ 19 ਮੰਤਰੀਆਂ ’ਚੋਂ ਕੁਝ ਨੂੰ ਸੁਤੰਤਰ ਚਾਰਜ ਦੇ ਤੌਰ ’ਤੇ ਰੱਖਿਆ ਜਾਵੇਗਾ ਤੇ ਕੁਝ ਮੰਤਰੀਆਂ ਨੂੰ ਰਾਜ ਮੰਤਰੀ ਦਾ ਚਾਰਜ ਮਿਲੇਗਾ।
ਮਮਤਾ ਬੈਨਰਜੀ ਦੇ ਨਵੇਂ ਮੰਤਰੀ ਮੰਡਲ ਵਿੱਚ ਕਈ ਪੁਰਾਣੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਕਈ ਨੌਜਵਾਨ ਚਿਹਰਿਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਮਮਤਾ ਬੈਨਰਜੀ ਦੇ ਮੰਤਰੀ ਮੰਡਲ ਵਿੱਚ ਹੁਣ ਨੌਜਵਾਨ ਤੇ ਤਜਰਬੇਕਾਰ ਦੋਵੇਂ ਤਰ੍ਹਾਂ ਦੇ ਚਿਹਰੇ ਵੇਖਣ ਨੂੰ ਮਿਲਣਗੇ।
ਪੱਛਮੀ ਬੰਗਾਲ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਅਮਿਤ ਮਿਤਰਾ ਨੂੰ ਇੱਕ ਵਾਰ ਫਿਰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਅਮਿਤ ਮਿਤਰਾ ਇਸ ਵਾਰ ਖ਼ਰਾਬ ਸਿਹਤ ਕਾਰਣ ਚੋਣ ਨਹੀਂ ਲੜੇ ਸਨ। ਇੰਝ ਉਨ੍ਹਾਂ ਇਸ ਵਾਰ ਫਿਰ ਮੰਤਰੀ ਬਣਾ ਕੇ ਮਮਤਾ ਬੈਨਰਜੀ ਨੇ ਉਨ੍ਹਾਂ ਉੱਤੇ ਬਹੁਤ ਜ਼ਿਆਦਾ ਭਰੋਸਾ ਪ੍ਰਗਟਾਇਆ ਹੈ। ਸਹੁੰ ਚੁਕਾਈ ਸਮਾਰੋਹ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਖ਼ੁਦ ਵੀ ਮੌਜੂਦ ਰਹੇ।
ਅਮਿਤ ਮਿਤਰਾ ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆੱਫ਼ ਕਾਮਰਸ ਐਂਡ ਇੰਡਸਟਰੀ (FICCI) ਦੇ ਜਨਰਲ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ। ਮਮਤਾ ਬੈਨਰਜੀ ਦੇ ਦੋ ਕਾਰਜਕਾਲ ਦੌਰਾਨ ਅਮਿਤ ਮਿਤਰਾ ਵਿੱਤ, ਵਣਜ ਤੇ ਉਦਯੋਗ ਮੰਤਰੀ ਰਹਿ ਚੁੱਕੇ ਹਨ। ਅਮਿਤ ਮਿਤਰਾ ਖੜਦਹ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸਨ।
ਮਮਤਾ ਬੈਨਰਜੀ ਨੇ ਆਪਣੀ ਵਜ਼ਾਰਤ ’ਚ ਅੱਠ ਮਹਿਲਾ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਕ੍ਰਿਕੇਟਰ ਮਨੋਜ ਤਿਵਾਰੀ ਤੇ ਸਾਬਕਾ IPS ਹਮਾਯੂੰ ਕਬੀਰ ਸਮੇਤ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ।
ਸਹੁੰ ਚੁਕਾਈ ਸਮਾਰੋਹ ਤੋਂ ਬਾਅਦ ਦੁਪਹਿਰ ਬਾਅਦ ਲਗਭਗ ਤਿੰਨ ਵਜੇ ਰਾਜ ਮੰਤਰੀ ਮੰਡਲ ਦੀ ਬੈਠਕ ਸੱਦੀ ਗਈ ਹੈ। ਇਸ ਬੈਠਕ ਵਿੱਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ ਜਾ ਸਕਦੀ ਹੈ। ਸੂਤਰਾਂ ਮਾੰਬਕ ਮੁੱਖ ਮੰਤਰੀ ਮਮਤਾ ਬੈਨਰਜੀ ਗ੍ਰਹਿ ਮੰਤਰਾਲੇ ਦੇ ਨਾਲ-ਨਾਲ ਸਿਹਤ ਵਿਭਾਗ ਆਪਣੇ ਕੋਲ ਰੱਖ ਸਕਦੇ ਹਨ।