ਕੈਨੇਡਾ 'ਚ ਪੰਜਾਬੀਆਂ ਦਾ ਸ਼ਰਮਨਾਕ ਕਾਰਾ ! ਹਿੱਟ ਐਂਡ ਰਨ ਕੇਸ 'ਚ 2 ਵਿਦਿਆਰਥੀ ਦੋਸ਼ੀ, 4 ਸਾਲ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਹੋਵੇਗਾ ਦੇਸ਼ ਨਿਕਾਲਾ
ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਦੋਵੇਂ ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਦੇਸ਼ ਨਿਕਾਲਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ 'ਤੇ ਕੈਨੇਡਾ ਵਿੱਚ ਸਨ।
Canada News: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਨਵਰੀ 2024 ਵਿੱਚ ਹੋਏ ਹਿੱਟ-ਐਂਡ-ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ, ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ ਨੇ 45 ਸਾਲਾ ਜੇਸਨ ਐਲਬਰਟ ਗ੍ਰੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਭਗ 1.3 ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਤੇ ਫਿਰ ਉਸਦੀ ਲਾਸ਼ ਨੂੰ ਸੜਕ 'ਤੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ, ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।
ਇਹ ਘਟਨਾ 27 ਜਨਵਰੀ, 2024 ਨੂੰ ਸਵੇਰੇ 1:38 ਵਜੇ ਦੇ ਕਰੀਬ ਵਾਪਰੀ, ਜਦੋਂ ਗਗਨਪ੍ਰੀਤ ਸਿੰਘ, ਜਗਦੀਪ ਸਿੰਘ ਦੀ ਮਾਲਕੀ ਵਾਲੀ ਲਾਲ ਫੋਰਡ ਮਸਟੈਂਗ ਚਲਾ ਰਿਹਾ ਸੀ, ਨੇ ਯੂਨੀਵਰਸਿਟੀ ਡਰਾਈਵ 'ਤੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਪਰ ਗਗਨਪ੍ਰੀਤ ਨੇ ਕਾਰ ਨਹੀਂ ਰੋਕੀ ਅਤੇ ਗ੍ਰੇ ਨੂੰ ਲਗਭਗ ਡੇਢ ਕਿਲੋਮੀਟਰ ਤੱਕ ਘਸੀਟਦਾ ਰਿਹਾ।
ਘਟਨਾ ਦੇ ਚਸ਼ਮਦੀਦਾਂ ਨੇ 911 'ਤੇ ਫ਼ੋਨ ਕੀਤਾ ਅਤੇ ਦੱਸਿਆ ਕਿ ਇੱਕ ਆਦਮੀ ਸੜਕ 'ਤੇ ਪਿਆ ਸੀ ਅਤੇ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਸੀ। ਕੁਝ ਪਲਾਂ ਬਾਅਦ ਉਨ੍ਹਾਂ ਨੇ ਉਹੀ ਕਾਰ ਗ੍ਰੇ ਨੂੰ ਘਸੀਟਦੇ ਹੋਏ ਦੇਖੀ। ਗਗਨਪ੍ਰੀਤ ਅਤੇ ਜਗਦੀਪ ਨੇ ਕਾਰ ਨੂੰ ਕੁਝ ਦੂਰੀ 'ਤੇ ਰੋਕਿਆ, ਗ੍ਰੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਫਿਰ ਮੌਕੇ ਤੋਂ ਭੱਜ ਗਏ।
ਗਗਨਪ੍ਰੀਤ ਸਿੰਘ ਨੇ 6 ਜਨਵਰੀ, 2025 ਨੂੰ ਅਤੇ ਜਗਦੀਪ ਸਿੰਘ ਨੇ 7 ਫਰਵਰੀ, 2025 ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਖ਼ਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਤੇ ਸਰੀਰ ਨਾਲ ਛੇੜਛਾੜ ਦੇ ਦੋਸ਼ਾਂ ਵਿੱਚ ਦੋਸ਼ੀ ਮੰਨਿਆ। ਦੋਵਾਂ ਨੂੰ 22 ਮਈ 2025 ਨੂੰ ਸਜ਼ਾ ਸੁਣਾਈ ਗਈ, ਜਿਸ ਵਿੱਚ ਗਗਨਪ੍ਰੀਤ ਨੂੰ ਤਿੰਨ ਸਾਲ ਦੀ ਕੈਦ ਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ, ਜਦੋਂ ਕਿ ਜਗਦੀਪ ਨੂੰ ਚਾਰ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ।
ਸਜ਼ਾ ਪੂਰੀ ਕਰਨ ਤੋਂ ਬਾਅਦ ਦਿੱਤਾ ਜਾਵੇਗਾ ਦੇਸ਼ ਨਿਕਾਲਾ
ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਦੋਵੇਂ ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਦੇਸ਼ ਨਿਕਾਲਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ 'ਤੇ ਕੈਨੇਡਾ ਵਿੱਚ ਸਨ।






















