ਤੂਫਾਨ ਦੇ ਲਪੇਟੇ ਨਾਲ ਬੰਦਾ ਅਮਰੀਕੀ ਤੋਂ ਪਹੁੰਚਿਆ ਰੂਸ
ਮਾਸਕੇ: ਗਲਤੀ ਨਾਲ ਸਰਹੱਦ ਪਾਰ ਕਰਦਿਆਂ ਅਮਰੀਕੀ ਨਾਗਰਿਕ ਨੂੰ ਰੂਸ ਦੇ ਬਾਰਡਰ ਗਾਰਡਸ ਨੇ ਹਿਰਾਸਤ 'ਚ ਲੈ ਲਿਆ। ਅਮਰੀਕਾ ਦੇ ਜੌਨ ਮਾਰਟਿਨ ਅਲਾਸਕਾ ਦੀ ਯੂਕੋਨ ਨਦੀ 'ਚ ਕਿਸ਼ਤੀ ਚਲਾ ਰਹੇ ਸਨ। ਉਹ ਆਪਣੀ ਕਿਸ਼ਤੀ ਤੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਅਚਾਨਕ ਮੌਸਮ ਖਰਾਬ ਹੋ ਗਿਆ।
ਅਜਿਹੇ 'ਚ ਬਿਨਾਂ ਕਿਸੇ ਜਾਣਕਾਰੀ ਦੇ ਜੌਨ ਅਮਰੀਕਾ ਤੇ ਰੂਸ ਦਰਮਿਆਨ ਸਥਿਤ ਬੈਰਿੰਗ ਸਮੁੰਦਰ 'ਚ ਭਟਕ ਗਏ। ਤਕਰੀਬਨ ਦੋ ਹਫਤੇ ਬਾਅਦ ਜਦੋਂ ਉਨ੍ਹਾਂ ਸਮੁੰਦਰ ਕਿਨਾਰੇ ਪੈਰ ਰੱਖਿਆ ਤਾਂ ਉਨ੍ਹਾਂ ਨੂੰ ਬਾਰਡਰ ਗਾਰਡਸ ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਜੌਨ ਨੂੰ ਅੰਦਾਜ਼ਾ ਹੋਇਆ ਕਿ ਉਹ ਅਮਰੀਕਾ ਨਹੀਂ ਸਗੋਂ ਰੂਸ ਦੀ ਧਰਤੀ 'ਤੇ ਹੈ।
ਰੂਸ ਦੇ ਵਿਦੇਸ਼ ਮੰਤਰੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਬਾਰਡਰ ਪੁਲਿਸ ਨੇ ਜੌਨ ਮਾਰਟਨ ਨੂੰ ਚੁਕੋਤਕਾ ਸੂਬੇ ਦੇ ਲਵਰੇਂਤਿਆ 'ਤੋਂ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਅਮਰੀਕੀ ਦੂਤਾਵਾਸ ਨੂੰ ਖ਼ਬਰ ਕਰ ਦਿੱਤੀ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਮੁਤਾਬਕ ਛੇਤੀ ਹੀ ਸਥਾਨਕ ਅਧਿਕਾਰੀ ਜੌਨ ਮਾਰਟਨ ਨੂੰ ਚਪਕੋਤਕਾ ਦੀ ਰਾਜਧਾਨੀ ਅਨਾਦਿਰ ਪਹੁੰਚਾ ਦੇਣਗੇ। ਅਮਰੀਕੀ ਦੂਤਾਵਾਸ ਨੇ ਵੀ ਜੌਨ ਨੂੰ ਆਪਣੇ ਦੇਸ਼ ਪਹੁੰਚਾਉਣ ਲਈ ਹਰ ਸੰਭਵ ਮਦਦ ਦੀ ਗੱਲ ਕਹੀ ਹੈ।