ਵਾਸ਼ਿੰਗਟਨ: ਕੋਰੋਨਾ ਵਾਇਰਸ ਬਾਰੇ ਦੁਨੀਆ ਭਰ 'ਚ ਅਧਿਐਨ ਹੋ ਰਿਹਾ ਹੈ। ਇਹ ਕਿੱਥੋਂ ਆਇਆ, ਇਸ ਦਾ ਅਸਰ ਕਿੰਨਾ ਚਿਰ ਰਹਿ ਸਕਦਾ, ਇਹ ਕਿਵੇਂ ਜਾਵੇਗਾ, ਆਦਿ। ਅਜਿਹੇ 'ਚ ਜਦੋਂ ਜ਼ਿਆਦਾਤਰ ਮਾਹਰ ਇਹ ਮੰਨਦੇ ਹਨ ਕਿ ਬਾਰਸ਼ ਦੌਰਾਨ ਵਾਇਰਸ ਦੇ ਜ਼ਿਆਦਾ ਫੈਲਣ ਦਾ ਖਤਰਾ ਹੈ, ਉੱਥੇ ਹੀ ਅਮਰੀਕਾ ਦੀ ਜੌਨਸ ਹੌਪਕਿਨਸ ਯੂਨੀਵਰਸਿਟੀ ਐਪਲਾਇਡ ਫਿਜ਼ਿਕਸ ਲੈਬੋਰਟਰੀ ਦੇ ਸੀਨੀਅਰ ਵਿਗਿਆਨੀ ਜੇਰਡ ਇਵਾਂਸ ਮੁਤਾਬਕ ਫਿਲਹਾਲ ਇਹ ਪਤਾ ਨਹੀਂ ਕਿ ਸੀਮਤ ਬਾਰਸ਼ ਦਾ ਕੋਰੋਨਾ ਵਾਇਰਸ 'ਤੇ ਕੀ ਅਸਰ ਹੋਵੇਗਾ।


ਉੱਧਰ, ਵਾਸ਼ਿੰਗਟਨ ਯੂਨੀਵਰਸਿਟੀ ਦੇ ਗਲੋਬਲ ਹੈਲਥ, ਮੈਡੀਸਨ ਤੇ ਐਪਡੀਮਿਓਲੋਜੀ ਦੇ ਪ੍ਰੋਫੈਸਰ ਜੇਰਡ ਬੇਟੇਨ ਮੁਤਾਬਕ ਬਾਰਸ਼ ਕੋਰੋਨਾ ਵਾਇਰਸ ਨੂੰ ਕਮਜ਼ੋਰ ਕਰ ਸਕਦੀ ਹੈ। ਜਿਵੇਂ ਧੂੜ ਮੀਂਹ 'ਚ ਘੁਲ ਕੇ ਵਹਿ ਜਾਂਦੀ ਹੈ, ਉਸੇ ਤਰ੍ਹਾਂ ਕੋਰੋਨਾ ਵਾਇਰਸ ਵੀ ਵਹਿ ਸਕਦਾ ਹੈ।

ਕਈ ਮਾਹਿਰਾਂ ਦਾ ਮੰਨਣਾ ਹੈ ਕਿ ਬਾਰਸ਼ ਸਾਬਣ ਦੇ ਪਾਣੀ ਵਾਂਗ ਸਤ੍ਹਾ ਨੂੰ ਜੀਵਾਣੂ ਮੁਕਤ ਕਰਨ ਦੇ ਸਮਰੱਥ ਨਹੀਂ। ਯੂਨੀਵਰਸਿਟੀ ਆਫ ਮੈਰੀਲੈਂਡ ਮੁਤਾਬਕ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ 'ਚ 17 ਦਿਨਾਂ ਬਾਅਦ ਵੀ ਸਤ੍ਹਾ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਅਜਿਹੇ 'ਚ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਬਾਰਸ਼ ਨਾਲ ਕਿਸੇ ਸਤ੍ਹਾ, ਮੈਦਾਨ ਜਾਂ ਕੁਰਸੀ 'ਤੇ ਲੱਗਾ ਵਾਇਰਸ ਸਾਫ਼ ਹੋ ਜਾਵੇਗਾ। ਇਸ ਲਈ ਫਿਲਹਾਲ ਬਾਰਸ਼ ਦੌਰਾਨ ਵਾਧੂ ਸਾਵਧਾਨੀ ਜ਼ਰੂਰੀ ਹੈ।

ਆਈਸੀਐਮਆਰ ਵੱਲੋਂ ਕੋਰੋਨਾ ਵਾਇਰਸ ਲਈ ਬਣਾਈ ਗਈ ਰਿਸਰਚ ਤੇ ਆਪਰੇਸ਼ਨ ਟੀਮ ਦੇ ਮੈਂਬਰ ਕੋ-ਐਪਡੇਮੋਲਾਜਿਸਟ ਪ੍ਰੋ. ਡਾ. ਨਰੇਂਦਰ ਅਰੋੜਾ ਮੁਤਾਬਕ ਬਾਰਸ਼ ਨਾਲ ਕੋਰੋਨਾ ਘੱਟ ਹੋਵੇਗਾ ਇਸ ਦੀ ਸੰਭਾਵਨਾ ਨਹੀਂ ਹੈ। ਇੰਡੋਨੇਸ਼ੀਆ ਤੇ ਸਿੰਗਾਪੁਰ 'ਚ ਪੂਰਾ ਸਾਲ ਮੀਂਹ ਪੈਂਦਾ ਹੈ ਪਰ ਉੱਥੇ ਵੀ ਲਗਾਤਾਰ ਕੋਰੋਨਾ ਦੇ ਮਾਮਲੇ ਆ ਰਹੇ ਹਨ।

ਡਾਕਟਰਾਂ ਤੇ ਵਿਗਿਆਨੀਆਂ ਮੁਤਾਬਕ ਬਾਰਸ਼ ਦੇ ਮੌਸਮ 'ਚ ਡੇਂਗੂ, ਚਿਕਨਗੁਨੀਆ ਤੇ ਹੋਰ ਫਲੂ ਵਾਲੇ ਮਰੀਜ਼ਾਂ ਦੀ ਗਿਣਤੀ ਵਧੇਗੀ ਜੋ ਇਕ ਹੋਰ ਪ੍ਰੇਸ਼ਾਨੀ ਹੋਵੇਗੀ। ਇਸ ਸਮੇਂ ਜੇਕਰ ਜ਼ਿਆਦਾ ਲੋਕ ਹਸਪਤਾਲ 'ਚ ਦਾਖਲ ਹੋਣਗੇ ਤਾਂ ਵਾਇਰਸ ਦੇ ਫੈਲਣ ਦਾ ਖ਼ਤਰਾ ਵੀ ਵੱਧ ਜਾਵੇਗਾ।

ਇਹ ਵੀ ਪੜ੍ਹੋ