ਭੱਜ ਰਹੇ ਅਫ਼ਗਾਨ ਫੌਜੀਆਂ ਦਾ ਜਹਾਜ਼ ਮਾਰ ਸੁੱਟਿਆ, ਉਜ਼ਬੇਕਿਸਤਾਨ ਦਾ ਦਾਅਵਾ
ਅਧਿਕਾਰੀਆਂ ਨੇ ਦੱਸਿਆ ਕਿ ਭੱਜਦੇ ਹੋਏ ਅਫ਼ਗਾਨ ਫ਼ੌਜੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਉਜ਼ਬੇਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਹਵਾਈ ਖੇਤਰ ਪਾਰ ਕਰਨ ਤੋਂ ਬਾਅਦ ਮਾਰ ਸੁੱਟਿਆ।
ਤਾਸ਼ਕੰਦ: ਉਜ਼ਬੇਕਿਸਤਾਨ ਨੇ ਇੱਕ ਅਫਗਾਨ ਫ਼ੌਜ ਦੇ ਜਹਾਜ਼ ਨੂੰ ਮਾਰ ਗਿਰਾਇਆ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੇ ਹਵਾਈ ਖੇਤਰ 'ਚ ਦਾਖਲ ਹੋਇਆ ਸੀ। ਇਸ ਗੱਲ ਦਾ ਖੁਲਾਸਾ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿੱਚ ਅਧਿਕਾਰੀਆਂ ਨੇ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੱਜਦੇ ਹੋਏ ਅਫ਼ਗਾਨ ਫ਼ੌਜੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਉਜ਼ਬੇਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਹਵਾਈ ਖੇਤਰ ਪਾਰ ਕਰਨ ਤੋਂ ਬਾਅਦ ਮਾਰ ਸੁੱਟਿਆ।
ਉਜ਼ਬੇਕ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਆਰਆਈਏ ਨੋਵੋਸਤੀ ਨੂੰ ਦੱਸਿਆ ਕਿ ਐਤਵਾਰ ਰਾਤ ਨੂੰ ਉਜ਼ਬੇਕਿਸਤਾਨ ਏਅਰ ਫ਼ੋਰਸ ਦੇ ਹਵਾਈ ਰੱਖਿਆ ਬਲਾਂ ਨੇ ਇੱਕ ਅਫ਼ਗਾਨ ਫ਼ੌਜੀ ਜਹਾਜ਼ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਉਜ਼ਬੇਕਿਸਤਾਨ ਦੇ ਹਵਾਈ ਖੇਤਰ ਨੂੰ ਪਾਰ ਕਰਨ ਦੀ ਕੋਸ਼ਿਸ਼ ਨੂੰ ਦਬਾ ਦਿੱਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੱਸਿਆ ਗਿਆ ਸੀ ਕਿ ਇੱਕ ਅਫਗਾਨ ਜਹਾਜ਼ ਉਜ਼ਬੇਕਿਸਤਾਨ 'ਚ ਤੇਲ ਖਤਮ ਹੋਣ ਤੋਂ ਬਾਅਦ ਕ੍ਰੈਸ਼ ਹੋ ਗਿਆ ਸੀ, ਜਦਕਿ ਉਜ਼ਬੇਕ ਅਧਿਕਾਰੀਆਂ ਨੇ ਇਸ ਨੂੰ ਦੇਸ਼ ਵਿੱਚ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ।
ਜਹਾਜ਼ 'ਚ ਸਵਾਰ ਦੋ ਪਾਇਲਟ ਇਸ ਹਾਦਸੇ ਤੋਂ ਬਚ ਗਏ
ਸਥਾਨਕ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ 'ਚ ਸਵਾਰ ਦੋ ਪਾਇਲਟ ਪੈਰਾਸ਼ੂਟ ਹੇਠਾਂ ਉੱਤਰ ਕੇ ਹਾਦਸੇ ਤੋਂ ਬਚ ਗਏ। ਇਸ ਤੋਂ ਪਹਿਲਾਂ ਸਰਕਾਰ ਦੇ ਬੁਲਾਰੇ ਬਾਖਰੋਮ ਜੁਲਫਿਕਾਰੋਵ ਨੇ ਟੀਏਐਸ ਨੂੰ ਦੱਸਿਆ ਕਿ ਇਹ ਹਾਦਸਾ ਰਾਤ ਦੌਰਾਨ ਹੋਇਆ ਤੇ ਇਸ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਅਫ਼ਗਾਨਿਸਤਾਨ ਦੇ ਹੁਣ ਤੋਂ ਹਟਾਏ ਗਏ ਰਾਸ਼ਟਰਪਤੀ ਅਸ਼ਰਫ ਗਨੀ, ਜਿਨ੍ਹਾਂ ਨੇ 2014 ਤੋਂ ਅਮਰੀਕਾ ਦੀ ਹਮਾਇਤ ਵਾਲੀ ਅਫਗਾਨ ਸਰਕਾਰ ਦੀ ਅਗਵਾਈ ਕੀਤੀ ਹੈ, ਐਤਵਾਰ ਨੂੰ ਦੇਸ਼ ਛੱਡ ਗਏ। ਕਈ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਲਾਹਕਾਰਾਂ ਦੇ ਨੇੜਲੇ ਸਮੂਹ ਦੇ ਨਾਲ ਉਜ਼ਬੇਕਿਸਤਾਨ ਪਹੁੰਚਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਬੁਲ ਵਿੱਚ ਰੂਸੀ ਦੂਤਘਰ ਨੇ ਕਿਹਾ ਕਿ ਗਨੀ ਆਪਣੇ ਨਾਲ ਵੱਡੀ ਮਾਤਰਾ ਵਿੱਚ ਨਕਦੀ ਤੇ ਕੀਮਤੀ ਸਾਮਾਨ ਲੈ ਗਏ ਸਨ।