ਕਾਬੁਲ ਦੇ ਗੁਰਦੁਆਰੇ 'ਚ ਵੜੇ ਤਾਲਿਬਾਨੀ ਲੜਾਕੇ, ਕਈ ਲੋਕਾਂ ਨੂੰ ਬੰਧੀ ਬਣਾਇਆ, CCTV ਕੈਮਰੇ ਭੰਨੇ
ਗੁਰਦੁਆਰੇ 'ਚ ਦਾਖਲ ਹੋਣ ਵਾਲੇ ਤਾਲਿਬਾਨੀ ਲੜਾਕਿਆਂ ਨੇ ਗੁਰਦੁਆਰੇ 'ਚ ਲੱਗੇ ਸਾਰੇ ਸੀਸਟੀਵੀ ਕੈਮਰਿਆਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਗੁਰਦੁਆਰੇ 'ਚ ਭੰਨਤੋੜ ਕੀਤੀ।
ਕਾਬੁਲ: ਦੁਨੀਆ ਸਾਹਮਣੇ ਸ਼ਰਾਫ਼ਤ ਦਾ ਨਕਾਬ ਪਾਈ ਤਾਲਿਬਾਨ ਅਫ਼ਗਾਨਿਸਤਾਨ 'ਚ ਅਜੇ ਵੀ ਓਹੀ ਜ਼ੁਲਮ ਢਾਹ ਰਿਹਾ ਹੈ ਜਿਸ ਲਈ ਉਹ ਪਿਛਲੇ ਸ਼ਾਸਨ ਦੌਰਾਨ ਬਦਨਾਮ ਸੀ। ਭਰੋਸੇ ਦੇ ਬਾਵਜੂਦ ਤਾਲਿਬਾਨ ਨੇ ਇਕ ਵਾਰ ਫਿਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਗੁਰਦੁਆਰੇ 'ਤੇ ਹਮਲਾ ਬੋਲਿਆ।
ਦਰਅਸਲ ਬੀਤੇ ਦਿਨ ਤਾਲਿਬਾਨੀ ਲੜਾਕੇ ਹਥਿਆਰਾਂ ਦੇ ਨਾਲ ਗੁਰਦੁਆਰੇ 'ਚ ਦਾਖ਼ਲ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਤੋੜਭੰਨ ਕਰ ਦਿੱਤੇ ਤੇ ਕਈ ਲੋਕਾਂ ਨੂੰ ਆਪਣੇ ਨਾਲ ਹਿਰਾਸਤ 'ਚ ਲੈ ਲਿਆ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਾਲਿਬਾਨੀ ਅਧਿਕਾਰੀਆਂ ਅਧਿਕਾਰੀ ਗੁਰਦੁਆਰੇ 'ਚ ਦਾਖ਼ਲ ਹੋਏ। ਪੁਨੀਤ ਨੇ ਕਿਹਾ ਕਿ ਅਣਪਛਾਤੇ ਭਾਰੀ ਹਥਿਆਰਾਂ ਨਾਲ ਲੈਸ ਤਾਲਿਬਾਨੀ ਲੜਾਕਿਆਂ ਦਾ ਇਕ ਗਰੁੱਪ ਗੁਰਦੁਆਰੇ 'ਚ ਦਾਖਲ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਤਾਲਿਬਾਨੀਆਂ ਨੇ ਸਿਖ ਭਾਈਚਾਰੇ ਦੇ ਕਈ ਲੋਕਾਂ ਨੂੰ ਆਪਣੀ ਹਿਰਾਸਤ 'ਚ ਲਿਆ ਹੈ।
ਪਖਤਿਆ ਦੇ ਚਮਕਨੀ ਇਲਾਕੇ 'ਚ ਸਥਿਤ ਹੈ ਗੁਰਦੁਆਰਾ
ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦੁਆਰੇ 'ਚ ਦਾਖਲ ਹੋਣ ਵਾਲੇ ਤਾਲਿਬਾਨੀ ਲੜਾਕਿਆਂ ਨੇ ਗੁਰਦੁਆਰੇ 'ਚ ਲੱਗੇ ਸਾਰੇ ਸੀਸਟੀਵੀ ਕੈਮਰਿਆਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਗੁਰਦੁਆਰੇ 'ਚ ਭੰਨਤੋੜ ਕੀਤੀ। ਦੱਸ ਦੇਈਏ ਗੁਰਦੁਆਰਾ ਪਖਤਿਆ ਦੇ ਚਮਕਨੀ ਇਲਾਕੇ 'ਚ ਹੈ ਜਿੱਥੇ ਇਕ ਵਾਰ ਗੁਰੂ ਨਾਨਕ ਦੇਵ ਜੀ ਨੇ ਦੌਰਾ ਕੀਤਾ ਸੀ।
ਪਹਿਲਾਂ ਵੀ ਇਕ ਗੁਰਦੁਆਰੇ ਨੂੰ ਬਣਾਇਆ ਸੀ ਨਿਸ਼ਾਨਾ
ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਪੂਰਬੀ ਸੂਬੇ 'ਚ ਸਥਿਤ ਗੁਰਦੁਆਰੇ ਦੀ ਛੱਤ ਤੋਂ ਨਿਸ਼ਾਨ ਸਾਹਿਬ ਸਿੱਖ ਪਵਿੱਤਰ ਨਿਸ਼ਾਨ ਨੂੰ ਹਟਾ ਦਿੱਤਾ ਸੀ। ਤਹਾਨੂੰ ਦੱਸ ਦੇਈਏ ਸੱਤਾ 'ਤੇ ਕਾਬਜ਼ ਹੋਣ ਤੋਂ ਕੁਝ ਹੀ ਦਿਨਾਂ ਬਾਅਦ ਤਾਲਿਬਾਨ ਨੇ ਹਜ਼ਾਰਾ ਭਾਈਚਾਰੇ ਦੇ 13 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ 13 ਲੋਕਾਂ 'ਚ ਉਹ ਵੀ ਸ਼ਾਮਲ ਸਨ ਜੋ ਅਫ਼ਗਾਨਿਸਤਾਨ ਫੌਜ 'ਚ ਭਰਤੀ ਸਨ।