ਕੈਨੇਡਾ 'ਚ ਲਾਪਤਾ ਅਮਨਿੰਦਰ ਗਰੇਵਾਲ, ਅਜੇ ਤੱਕ ਵੀ ਨਹੀਂ ਲੱਭ ਸਕੀ ਵਿਨੀਪੈੱਗ ਪੁਲਿਸ
ਅਮਨਿੰਦਰ ਸਿੰਘ ਗਰੇਵਾਲ ਦੀ ਭਰਜਾਈ ਮਨਪ੍ਰੀਤ ਕੌਰ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੱਖੋ-ਵੱਖਰੇ ਇਲਾਕਿਆਂ ਤੇ ਭਾਈਚਾਰਿਆਂ ਨਾਲ ਸਬੰਧਤ ਲੋਕ ਹੁਣ ਲਾਪਤਾ ਅਮਨਿੰਦਰ ਦੀ ਭਾਲ਼ ਕਰਨ ਵਿੱਚ ਮਦਦ ਕਰ ਰਹੇ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ/ਵਿਨੀਪੈੱਗ: ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਭੇਤ ਭਰੀ ਹਾਲਤ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਅਮਨਿੰਦਰ ਸਿੰਘ ਗਰੇਵਾਲ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਲੱਗ ਸਕੀ ਹੈ। ਉਸ ਨੂੰ ਆਖ਼ਰੀ ਵਾਰ 15 ਅਪ੍ਰੈਲ ਨੂੰ ਵਿਨੀਪੈੱਗ ਦੇ ਉੱਤਰੀ ਹਿੱਸੇ ’ਚ ਵੇਖਿਆ ਗਿਆ ਸੀ। ਪਰਿਵਾਰਕ ਮੈਂਬਰ ਤੇ ਇੱਥੇ ਰਹਿੰਦੇ ਹੋਰ ਪ੍ਰਵਾਸੀ ਭਾਰਤੀ ਵੀ ਆਪਣੇ ਪੱਧਰ ਉੱਤੇ ਉਸ ਦੀ ਭਾਲ ਕਰ ਰਹੇ ਹਨ।
ਅਮਨਿੰਦਰ ਸਿੰਘ ਗਰੇਵਾਲ ਦੀ ਭਰਜਾਈ ਮਨਪ੍ਰੀਤ ਕੌਰ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੱਖੋ-ਵੱਖਰੇ ਇਲਾਕਿਆਂ ਤੇ ਭਾਈਚਾਰਿਆਂ ਨਾਲ ਸਬੰਧਤ ਲੋਕ ਹੁਣ ਲਾਪਤਾ ਅਮਨਿੰਦਰ ਦੀ ਭਾਲ਼ ਕਰਨ ਵਿੱਚ ਮਦਦ ਕਰ ਰਹੇ ਹਨ। ਸਾਰੇ ਚਾਹੁੰਦੇ ਹਨ ਕਿ ਉਹ ਸਹੀ-ਸਲਾਮਤ ਘਰ ਪਰਤ ਆਵੇ। ਉਨ੍ਹਾਂ ਕਿਹਾ ਕਿ ਇੰਨਾ ਜ਼ਿਆਦਾ ਸਹਿਯੋਗ ਮਿਲਣ ’ਤੇ ਉਨ੍ਹਾਂ ਨੂੰ ਬਹੁਤ ਤਸੱਲੀ ਹੈ।
ਅਮਨਿੰਦਰ ਸਿੰਘ ਗਰੇਵਾਲ ਦੀ ਭਾਲ਼ ਤੇਜ਼ ਕਰਨ ਲਈ ਕੁਝ ਫ਼ਲਾਇਰਜ਼ ਵੀ ਛਪਵਾਏ ਗਏ ਹਨ। ਆਮ ਲੋਕ ਵੀ ਘਰਾਂ ਦੇ ਬੂਹੇ ਖੜਕਾ ਕੇ ਤਸਵੀਰਾਂ ਵਿਖਾਉਂਦੇ ਹੋਏ ਪੁੱਛ ਰਹੇ ਹਨ ਕਿ ਕਿਤੇ ਇਸ 31 ਸਾਲਾ ਨੌਜਵਾਨ ਨੂੰ ਕਿਸੇ ਨੇ ਵੇਖਿਆ ਤਾਂ ਨਹੀਂ। ਵਿਨੀਪੈੱਗ ਪੁਲਿਸ ਆਪਣੇ ਪੱਧਰ ਉੱਤੇ ਅਮਨਿੰਦਰ ਸਿੰਘ ਗਰੇਵਾਲ ਦੀ ਭਾਲ਼ ਕਰ ਰਹੀ ਹੈ। ਸ਼ਹਿਰ ਦੇ ਉੱਤਰੀ ਸਿਰੇ ਤੋਂ ਲੈ ਕੇ ਪੁਆਇੰਟ ਡਗਲਸ ਇਲਾਕੇ ਤੱਕ ਦਾ ਸਾਰਾ ਇਲਾਕਾ ਛਾਣ ਦਿੱਤਾ ਗਿਆ ਹੈ ਪਰ ਹਾਲੇ ਤੱਕ ਉਸ ਦਾ ਕੋਈ ਖੁਰਾ ਖੋਜ ਨਹੀਂ ਮਿਲ ਸਕਿਆ।
ਮਨਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰ ਕੇ ਅਮਨਿੰਦਰ ਸਿੰਘ ਨੂੰ ਲੱਭਣ ਦੇ ਹਰ ਸੰਭਵ ਜਤਨ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਦੌਰਾਨ ਕੋਵਿਡ-19 ਨਾਲ ਸਬੰਧਤ ਸਾਰੀਆਂ ਸਾਵਧਾਨੀਆਂ ਦਾ ਪੂਰਾ ਧਿਆਨ ਵੀ ਰੱਖ ਰਹੇ ਹਨ। ਲਾਪਤਾ ਪੰਜਾਬੀ ਨੌਜਵਾਨ ਦੀ ਭਾਲ ਲਈ ਕੁਝ ਜੱਥੇਬੰਦੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ‘ਸੀਬੀਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਸਟੀਫ਼ੈਨੀ ਕ੍ਰੈਮ ਦੀ ਰਿਪੋਰਟ ਅਨੁਸਾਰ ਗਰੇਵਾਲ ਪਰਿਵਾਰ ਨੇ ਅਮਨਿੰਦਰ ਸਿੰਘ ਦਾ ਪਤਾ ਦੱਸਣ ਵਾਲੇ ਨੂੰ 10,000 ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ ਹੈ।
ਪੁਲਿਸ ਮੁਤਾਬਕ ਅਮਨਿੰਦਰ ਸਿੰਘ ਗਰੇਵਾਲ ਦਾ ਕੱਦ 5 ਫ਼ੁੱਟ 11 ਇੰਚ ਹੈ ਤੇ ਉਸ ਦਾ ਵਜ਼ਨ 165 ਪੌਂਡ ਹੈ। ਉਸ ਦੇ ਛੋਟੇ ਕਾਲੇ ਵਾਲ ਹਨ ਤੇ ਦਾੜ੍ਹੀ ਹੈ। ਆਖ਼ਰੀ ਵਾਰ ਉਸ ਨੂੰ ਨੀਲੀ ਜੀਨ ਅਤੇ ਹੁੱਡੀ ਪਹਿਨਿਆਂ ਵੇਖਿਆ ਗਿਆ ਸੀ। ਅਮਨਿੰਦਰ ਸਿੰਘ ਗਰੇਵਾਲ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਵਿਨੀਪੈੱਗ ਪੁਲਿਸ ਨੂੰ ਫ਼ੋਨ ਨੰਬਰ 204 986 6250 ਉੱਤੇ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Coronavirus Cases India Today: ਕੋਰੋਨਾ ਕੇਸਾਂ ਦਾ ਟੁੱਟਾ ਰਿਕਾਰਡ, 3 ਲੱਖ 52 ਹਜ਼ਾਰ 991 ਨਵੇਂ ਕੇਸ, 2812 ਮੌਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin