ਅਮਰੀਕਾ ਦਾ ਦੋਹਰਾ ਚਿਹਰਾ ਬੇਨਕਾਬ, ਪੀੜਤ ਸਿੱਖਾਂ ਨੂੰ ਨਹੀਂ ਦੇ ਸਕਿਆ ਇਨਸਾਫ਼, ਪ੍ਰਵਾਸੀ ਪੰਜਾਬੀਆਂ ’ਚ ਰੋਹ
ਅਮਰੀਕਾ ’ਚ ਹੁਣ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਰਹੀ। ਇਸੇ ਵਰ੍ਹੇ 15 ਅਪ੍ਰੈਲ ਨੂੰ ਇਸ ਮਹਾਂਨਗਰ ਵਿੱਚ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਸਿੱਖਾਂ ਸਮੇਤ 8 ਵਿਅਕਤੀਆਂ ਦੀ ਜਾਨ ਲੈ ਲਈ ਸੀ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕਾ ’ਚ ਹੁਣ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਰਹੀ। ਇਸੇ ਵਰ੍ਹੇ 15 ਅਪ੍ਰੈਲ ਨੂੰ ਇਸ ਮਹਾਂਨਗਰ ਵਿੱਚ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਸਿੱਖਾਂ ਸਮੇਤ 8 ਵਿਅਕਤੀਆਂ ਦੀ ਜਾਨ ਲੈ ਲਈ ਸੀ। ਉਸ ਮਾਮਲੇ ਵਿੱਚ ਹੁਣ ਇੰਡੀਆਨਾਪੋਲਿਸ ਮੈਟਰੋਪਾਲਿਟਨ ਪੁਲਿਸ ਤੇ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ FBI (ਐਫ਼ਬੀਆਈ-ਫ਼ੈਡਰਲ ਬਿਊਰੋ ਆਫ਼ ਇਨਵੇਸਟੀਗੇਸ਼ਨ) ਨੇ ਮਿਲ ਕੇ ਪੂਰੀ ਜਾਂਚ-ਪੜਤਾਲ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ ਕਿ ਇਹ ਕੋਈ ਨਸਲੀ ਜਾਂ ਨਫ਼ਰਤੀ ਹਿੰਸਾ ਦਾ ਮਾਮਲਾ ਨਹੀਂ ਸੀ।
ਦੱਸ ਦੇਈਏ ਕਿ ਕੈਨੇਡਾ, ਅਮਰੀਕਾ ਜਿਹੇ ਪੱਛਮੀ ਦੇਸ਼ਾਂ ਵਿੱਚ ਰੰਗ, ਜਾਤ ਜਾਂ ਨਸਲ ਜਾਂ ਨਫ਼ਰਤ ਦੇ ਆਧਾਰ ’ਤੇ ਕੀਤੇ ਕਤਲ ਲਈ ਵਧੇਰੇ ਸਖ਼ਤ ਸਜ਼ਾ ਹੁੰਦੀ ਹੈ ਤੇ ਆਮ ਕਤਲ ਲਈ ਅਦਾਲਤਾਂ ਕੁਝ ਘੱਟ ਸਜ਼ਾ ਦਿੰਦੀਆਂ ਹਨ।
ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾ ’ਚ ਇਸੇ ਵਰ੍ਹੇ 15 ਅਪ੍ਰੈਲ ਨੂੰ 4 ਸਿੱਖਾਂ ਸਮੇਤ 8 ਵਿਅਕਤੀਆਂ ਦੇ ਕਤਲਾਂ ਦੇ ਮਾਮਲੇ ’ਚ ਤਾਂ ਅਮਰੀਕੀ ਪੁਲਿਸ ਤੇ ਕੇਂਦਰੀ ਜਾਂਚ ਏਜੰਸੀ ਪੂਰੀ ਤਰ੍ਹਾਂ ਪੱਖਪਾਤੀ ਹੋਈ ਵਿਖਾਈ ਦੇ ਰਹੀ ਹੈ। ਇਸੇ ਲਈ ਹੁਣ ਅਮਰੀਕਾ ’ਚ ਰਹਿੰਦੇ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ।
ਅਮਰੀਕਾ ’ਚ ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਜੱਥੇਬੰਦੀ ‘ਸਿੱਖ ਕੁਲੀਸ਼ਨ’ ਦੀ ਕਾਨੂੰਨੀ ਡਾਇਰੈਕਟਰ ਅੰਮ੍ਰਿਤ ਕੌਰ ਦਾ ਮੰਨਣਾ ਹੈ ਕਿ ਇੰਡੀਆਨਾਪੋਲਿਸ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ 9 ਮਹੀਨਿਆਂ ਤੋਂ ਸਾਜ਼ਿਸ਼ ਰਚ ਰਿਹਾ ਸੀ। ਉਸ ਨੇ ਜਾਣਬੁੱਝ ਕੇ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਲਈ ਅਜਿਹਾ ਸਥਾਨ ਚੁਣਿਆ ਸੀ, ਜਿੱਥੇ ਪ੍ਰਵਾਸੀਆਂ, ਖ਼ਾਸ ਕਰਕੇ ਸਿੱਖਾਂ ਦੀ ਵਧੇਰੇ ਆਵਾਜਾਈ ਰਹਿੰਦੀ ਹੈ।
ਇਹ ਇੱਕ ਸੱਚਾਈ ਹੈ ਕਿ ਕਾਤਲ ਨੇ ਉਹੀ ਜਗ੍ਹਾ ਚੁਣੀ ਸੀ, ਜਿੱਥੇ ਸਿੱਖ ਵਰਕਰ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਹੁਣ ਐਫ਼ਬੀਆਈ (FBI-Federal Bureau of Investigation) ਦੇ ਜਾਂਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ, ‘ਕਾਤਲ ਬ੍ਰੈਂਡਨ ਸਕੌਟ ਹੋਲ ਦਰਅਸਲ, ਦੂਜੇ ਵਿਸ਼ਵ ਯੁੱਧ ਦਾ ਨਾਜ਼ੀਵਾਦ ਦਾ ਸਮਰਥਕ ਤਾਂ ਸੀ ਪਰ ਉਸ ਕੋਲ ਇਨ੍ਹਾਂ ਕਤਲਾਂ ਲਈ ਕੋਈ ਮੰਤਵ ਨਹੀਂ ਸੀ। ਉਹ ਪੱਖਪਾਤੀ ਵੀ ਨਹੀਂ ਸੀ ਤੇ ਨਾ ਹੀ ਉਹ ਕਿਸੇ ਅਜਿਹੀ ਵਿਚਾਰਧਾਰਾ ਜਾਂ ਜੱਥੇਬੰਦੀ ਨਾਲ ਜੁੜਿਆ ਹੋਇਆ ਸੀ, ਜਿਸ ਦਾ ਮਕਸਦ ਸਮਾਜ ’ਚ ਹਿੰਸਾ ਫੈਲਾਉਣਾ ਹੁੰਦਾ ਹੈ।
ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਪ੍ਰਵਾਸੀਆਂ ਦੇ ਕਤਲ ਕਿਉਂ ਕਰਦਾ? ਅੱਠ ਵਿਅਕਤੀਆਂ ਦੀ ਜਾਨ ਲੈ ਕੇ ਉਸ ਨੇ ਆਪਣੇ-ਆਪ ਨੂੰ ਵੀ ਗੋਲ਼ੀ ਮਾਰ ਲਈ ਸੀ। ਉਸ ਦੇ ਕੰਪਿਊਟਰ ’ਚੋਂ ਅਜਿਹੀ ਸਮੱਗਰੀ ਮਿਲੀ ਹੈ, ਜੋ ਆਮ ਤੌਰ ਉੱਤੇ ਨਾਜ਼ੀ ਤੇ ਖ਼ੁਦ ਨੂੰ ਬਹੁਤ ਉੱਚ ਕਿਸਮ ਦਾ ਇਨਸਾਨ (ਸੁਪਰਮੇਸਿਸਟ) ਸਮਝਣ ਵਾਲੇ ਵਿਅਕਤੀ ਵਰਤਦੇ ਹਨ ਪਰ ਉਸ ਦਾ ਇਸ ਕਤਲ ਕੇਸ ਨਾਲ ਕੋਈ ਸਬੰਧ ਨਹੀਂ। ਇਸ ਲਈ ਇਸ ਮਾਮਲੇ ਦੀ ਜਾਂਚ ਹੁਣ ਬੰਦ ਕੀਤੀ ਜਾਂਦੀ ਹੈ।’ ਇਹ ਸ਼ਬਦ ਇੰਡੀਆਨਪੋਲਿਸ ਐੱਫ਼ਬੀਆਈ ਦੇ ਸਪੈਸ਼ਲ ਏਜੰਟ ਇੰਚਾਰਜ ਦੇ ਹਨ।
ਹੁਣ ਇੰਡੀਆਨਾਪੋਲਿਸ ਦੇ ਸਿੱਖ ਇਹ ਜਾਣਨਾ ਚਾਹ ਰਹੇ ਹਨ ਕਿ ਆਖ਼ਰ ਜਾਂਚ ਏਜੰਸੀ ਤੇ ਪੁਲਿਸ ਨੇ ਅਜਿਹਾ ਨਤੀਜਾ ਕੱਢ ਕਿਵੇਂ ਲਿਆ। ‘ਸਿੱਖ ਕੁਲੀਸ਼ਨ’ ਦੇ ਸੀਨੀਅਰ ਲੀਗਲ ਕਲਾਇੰਟ ਮੈਨੇਜਰ ਅਸੀਸ ਕੌਰ ਨੇ ਕਿਹਾ ਕਿ ਅਜਿਹੇ ਜਾਂਚ ਨਤੀਜੇ ਤੋਂ ਬਾਅਦ ਪੀੜਤ ਸਿੱਖਾਂ ’ਚ ਰੋਸ ਤੇ ਨਿਰਾਸ਼ਾ ਪੈਦਾ ਹੋਣੀ ਸੁਭਾਵਕ ਹੈ।
ਉੱਧਰ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਤਲ ਦੇ ਕੰਪਿਊਟਰ ਦੀਆਂ ਪੌਣੇ ਦੋ ਲੱਖ ਫ਼ਾਈਲਾਂ ਦਾ ਨਿਰੀਖਣ ਕੀਤਾ ਹੈ ਤੇ 100 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਉਸ ਤੋਂ ਬਾਅਦ ਇਹੋ ਨਤੀਜਾ ਨਿੱਕਲਦਾ ਹੈ ਕਿ ਕਾਤਲ ‘ਜ਼ਹਿਰੀਲੀ ਮਰਦਾਨਗੀ’ ਦਾ ਸ਼ਿਕਾਰ ਸੀ ਤੇ ਉਸ ਦੀ ਮਾਨਸਿਕ ਸਿਹਤ ਠੀਕ ਨਹੀਂ ਸੀ। ਪਰ ਅਮਰੀਕਾ ਦੇ ਸਿੱਖਾਂ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸਿੱਧੇ ਤੌਰ ’ਤੇ ਪੱਖਪਾਤ ਦੀ ਬੋਅ ਆਉਂਦੀ ਹੈ।