ਪਾਕਿਸਤਾਨ ਦੇ ਸਿੱਖਾਂ ਨੂੰ ਤਾਲਿਬਾਨ ਤੋਂ ਖ਼ਤਰਾ! ਆਡੀਓ ਸੰਦੇਸ਼ ਵਾਇਰਲ ਹੋਣ ਮਗਰੋਂ ਛਿੜੀ ਚਰਚਾ
ਪਾਕਿਸਤਾਨ ਦੇ ਇੱਕ ਧਾਰਮਿਕ ਆਗੂ ਨੇ ਦੱਸਿਆ ਕਿ ‘ਈਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ’ (ETPB) ਦੇ ਅਧਿਕਾਰੀਆਂ ਨੇ ਅਜਿਹੀਆਂ ਧਮਕੀਆਂ ਤੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ ਹੈ।

ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪਾਕਿਸਤਾਨ ਦੇ ਲਾਹੌਰ ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿੰਦੇ ਸਿੱਖਾਂ ’ਚ ਇੱਕ ਆਡੀਓ ਸੰਦੇਸ਼ ਵਾਇਰਲ ਹੋ ਰਿਹਾ ਹੈ; ਜਿਸ ਵਿੱਚ ਉਨ੍ਹਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਸ ਆਡੀਓ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਦੇ ਖ਼ਤਰੇ ਕਾਰਨ ਉਹ ਰਾਤ ਸਮੇਂ ਆਪੋ-ਆਪਣੇ ਘਰਾਂ ’ਚੋਂ ਬਾਹਰ ਨਾ ਨਿਕਲਣ।
ਪਾਕਿਸਤਾਨ ਦੇ ਇੱਕ ਧਾਰਮਿਕ ਆਗੂ ਨੇ ਦੱਸਿਆ ਕਿ ‘ਈਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ’ (ETPB) ਦੇ ਅਧਿਕਾਰੀਆਂ ਨੇ ਅਜਿਹੀਆਂ ਧਮਕੀਆਂ ਤੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੀ ਚਰਚਾ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਵੀ ਹੋਈ ਹੈ।
ਉਸ ਲੀਡਰ ਨੇ ਹੁਣ ਲਾਹੌਰ ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿੰਦੇ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਆਪਣੇ ਦਸਤਾਵੇਜ਼ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (PSGPC) ਤੇ ‘ਈਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ’ (ETPB) ਕੋਲ ਜਮ੍ਹਾ ਕਰਵਾ ਦੇਣ; ਤਾਂ ਜੋ ਉਨ੍ਹਾਂ ਲਈ ਸੁਰੱਖਿਆ ਇੰਤਜ਼ਾਮ ਕਰਵਾਏ ਜਾ ਸਕਣ।
ਧਾਰਮਿਕ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਹਾਲੇ ਪੁਲਿਸ ਨਾਲ ਸਿੱਖਾਂ ਦੀ ਸੁਰੱਖਿਆ ਦਾ ਮਾਮਲਾ ਵਿਚਾਰਿਆ ਜਾਣਾ ਹੈ। ‘ਦ ਟਾਈਮਜ਼ ਆਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਰਿਪੋਰਟ ’ਚ ਯੁੱਧਵੀਰ ਰਾਣਾ ਨੇ ਖ਼ੁਫ਼ੀਆ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਲੰਘੇ ਸੋਮਵਾਰ ਨੂੰ ਪਾਕਿਸਤਾਨੀ ਪੰਜਾਬ ਦੇ ਦਹਿਸ਼ਤਗਰਦੀ ਵਿਰੋਧੀ ਵਿਭਾਗ ਨੇ ‘ਬਲੋਚਿਸਤਾਨ ਰੀਪਬਲਿਕ ਆਰਮੀ’ ਦੇ ਇੱਕ ਦਹਿਸ਼ਤਗਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਜੱਥੇਬੰਦੀ ਦੇ ਅੱਗੇ ਤਾਲਿਬਾਨ ਨਾਲ ਸਬੰਧ ਦੱਸੇ ਜਾਂਦੇ ਹਨ।
ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਇਸ ਖ਼ੁਫ਼ੀਆ ਵਿਭਾਗ ਨੇ ਬੀਤੇ ਅਪ੍ਰੈਲ ਮਹੀਨੇ ਵੀ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਵਿੱਚੋਂ ਦੋ ਲਾਹੌਰ ਦੇ ਅਤੇ ਦੋ ਰਾਵਲਪਿੰਡੀ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਵੀ ਅਫ਼ਗ਼ਾਨਿਸਤਾਨ ਸਥਿਤ ਦਹਿਸ਼ਤਗਰਦਾਂ ਨਾਲ ਸੰਪਰਕ ਸਨ। ਉੱਧਰ ਹੁਣ ਅਫ਼ਗ਼ਾਨਿਸਤਾਨ ’ਚ ਹਿੰਸਾ ਦੀਆਂ ਘਟਨਾਵਾਂ ਕਿਉਂਕਿ ਵਧਦੀਆਂ ਜਾ ਰਹੀਆਂ ਹਨ; ਇਸੇ ਲਈ ਸਰਕਾਰ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹੈ।
ਸ੍ਰੀ ਨਨਕਾਣਾ ਸਾਹਿਬ ਦੇ ਇੱਕ ਸਿੱਖ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਸਾਰੇ ਵੇਰਵੇ ਪੁਲਿਸ ਕੋਲ ਜਮ੍ਹਾ ਕਰਵਾ ਦਿੱਤੇ ਹਨ। ਉਂਝ ਹਾਲੇ ਸਿੱਧੀ ਧਮਕੀ ਤਾਂ ਕੋਈ ਨਹੀਂ ਮਿਲੀ ਪਰ ETPB ਵੱਲੋਂ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਸਰਕਾਰ ਦੀ ਤਰਫ਼ੋਂ ਵੀ ਹੁਣ ਸਿੱਖਾਂ ਦੀ ਸੁਰੱਖਿਆ ਬਾਰੇ ਸਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।
PSGPC ਦੇ ਪ੍ਰਧਾਨ ਸਤਵੰਤ ਸਿੰਘ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਅੱਗਿਓਂ ਉਨ੍ਹਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ ਪਰ ETPB ਦੇ ਚੇਅਰਮੈਨ ਡਾ. ਆਮੇਰ ਅਹਿਮਦ ਨੇ ਦਾਅਵਾ ਕੀਤਾ ਕਿ ਪਾਕਿਸਤਾਨ ’ਚ ਸਿੱਖਾਂ ਨੂੰ ਬਿਲਕੁਲ ਕੋਈ ਖ਼ਤਰਾ ਨਹੀਂ।






















