BC ਦੇ ਵਿਧਾਇਕ ਨੇ 'ਬਟਰ ਚਿਕਨ' ਲਈ 'ਗੁਰੂਘਰ' ਦਾ ਕੀਤਾ ਧੰਨਵਾਦ, ਸਿੱਖ ਭਾਈਚਾਰੇ 'ਚ ਰੋਹ, ਜਾਣੋ ਪੂਰਾ ਮਾਮਲਾ
ਵਿਸਾਖੀ ਮੌਕੇ ਕੇਲੋਨਾ ਦੇ ਗੁਰਦੁਆਰੇ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਸੀ, ਜਿਸ ਵਿੱਚ ਬੇਨ ਸਟੀਵਰਟ ਵੀ ਸ਼ਾਮਲ ਹੋਏ ਸਨ। ਸਿੱਖ ਭਾਈਚਾਰੇ ਵੱਲੋਂ ਬੇਨ ਦੀ ਟਿੱਪਣੀ ਉੱਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਢਾਹ ਲਾਈ ਹੈ।
Sikh News: ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿੰਦਾ ਹੈ ਤੇ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਕ ਆਪਣੇ ਤਿਓਹਾਰ ਵੀ ਮਨਾਏ ਜਾਂਦੇ ਹਨ। ਕੈਨੇਡਾ ਦੀ ਸਿਆਸਤ ਵਿੱਚ ਵੀ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦਾ ਵੱਡਾ ਤਬਕਾ ਸ਼ਾਮਲ ਹੈ। ਇਸ ਮੌਕੇ ਕੈਨੇਡਾ ਦੇ ਲੀਡਰ ਵੱਲੋਂ ਕੀਤੀ ਗਈ ਇੱਕ ਟਿੱਪਣੀ ਕਰਕੇ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਬ੍ਰਿਟਿਸ਼ ਕੋਲੰਬੀਆ (BC) ਲਿਬਰਲ ਪਾਰਟੀ ਦੇ ਵਿਧਾਇਕ ਬੇਨ ਸਟੀਵਰਟ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਟਿੱਪਣੀ ਨਾਲ ਇੱਕ ਵਿਵਾਦ ਛੇੜ ਦਿੱਤਾ। ਜਿਸ ਵਿੱਚ ਉਨ੍ਹਾਂ ਲਿਖਿਆ, ਰਟਲੈਂਡ ਗੁਰਦੁਆਰੇ ’ਚ ਉਨ੍ਹਾਂ ਦਾ ਖ਼ਾਸ ਸਵਾਗਤ ਕੀਤਾ ਗਿਆ, ਜਿਸ ਕਾਰਨ ਉਹ ਦੱਖਣੀ ਏਸ਼ੀਆਈ ਭਾਈਚਾਰੇ ਦਾ ਧੰਨਵਾਦ ਕਰਦੇ ਹਨ, ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਮੀਂਹ ਵਿੱਚ ਵੀ ਗਰਮ ਬਟਰ ਚਿਕਨ ਬਹੁਤ ਮਜ਼ੇਦਾਰ ਸੀ। ਪੋਸਟ ਦਾ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ।
ਦੱਸ ਦੇਈਏ ਕਿ ਵਿਸਾਖੀ ਮੌਕੇ ਕੇਲੋਨਾ ਦੇ ਗੁਰਦੁਆਰੇ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਸੀ, ਜਿਸ ਵਿੱਚ ਬੇਨ ਸਟੀਵਰਟ ਵੀ ਸ਼ਾਮਲ ਹੋਏ ਸਨ। ਸਿੱਖ ਭਾਈਚਾਰੇ ਵੱਲੋਂ ਬੇਨ ਦੀ ਟਿੱਪਣੀ ਉੱਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਢਾਹ ਲਾਈ ਹੈ। ਲੀਡਰ ਦੀ ਇਸ ਟਿੱਪਣੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਸਦੀ ਐਕਸ ਟਿੱਪਣੀ ਦੀ ਨਿੰਦਾ ਕੀਤੀ ਹੈ
ਕੈਨੇਡੀਅਨ ਸਿੱਖ ਜਸਪਾਲ ਸਿੰਘ ਨੇ ਦੱਸਿਆ ਕਿ ਗੁਰੂਘਰ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਸ਼ਨੀਵਾਰ ਨੂੰ ਸਿੱਖ ਧਾਰਮਿਕ ਰੀਤੀ-ਰਿਵਾਜਾਂ ਅਤੇ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ਸਮੇਤ ਲੋਕ ਹਾਜ਼ਰ ਸਨ। ਸਿੰਘ ਨੇ ਵਿਧਾਇਕ ਦੀਆਂ ਟਿੱਪਣੀਆਂ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, "ਬੇਨ ਸਟੀਵਰਟ ਦੀ ਇਤਰਾਜ਼ਯੋਗ ਟਿੱਪਣੀ ਤੋਂ ਅਸੀਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਉਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਿੱਖ ਧਰਮ ਪ੍ਰਤੀ ਆਪਣੀ ਅਗਿਆਨਤਾ ਨੂੰ ਸਾਬਤ ਕੀਤਾ ਹੈ, ਜੋ ਕਿ ਸ਼ਰਮਨਾਕ ਹੈ"।
ਉੱਥੇ ਹੀ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਉਪ-ਪ੍ਰਧਾਨ ਹਰਮਨ ਭੰਗੂ ਨੇ ਕਿਹਾ ਕਿ ਬੇਨ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਨਗਰ ਕੀਰਤਨ ਵਿੱਚ ਸਿਰਫ਼ ਸ਼ਾਕਾਹਾਰੀ ਲੰਗਰ ਹੀ ਵਰਤਾਇਆ ਜਾਂਦਾ ਸੀ। ਭੰਗੂ ਨੇ ਬੈਨ ਨੂੰ ਈਵੈਂਟਸ ਵਿੱਚ ਆਉਣ ਤੋਂ ਪਹਿਲਾਂ ਭਾਈਚਾਰਿਆਂ ਬਾਰੇ ਜਾਣਨ ਲਈ ਸਮਾਂ ਕੱਢਣ ਦੀ ਸਲਾਹ ਦਿੱਤੀ।