Canada News: ਕੈਨੇਡਾ ਦੇ ਇਤਿਹਾਸ 'ਚ ਸੋਨੇ ਦੀ ਸਭ ਤੋਂ ਵੱਡੀ ਚੋਰੀ 'ਚ ਪੰਜਾਬੀਆਂ ਦਾ ਹੱਥ, ਪੀਆਰਪੀ ਵੱਲੋਂ ਵੱਡਾ ਖੁਲਾਸਾ
ਕੈਨੇਡਾ 'ਚ ਪੰਜਾਬੀਆਂ ਦਾ ਮੁੜ ਵੱਡਾ ਕਾਰਾ ਸਾਹਮਣੇ ਆਇਆ ਹੈ। ਕੈਨੇਡਾ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿੱਚ ਸ਼ਾਮਲ ਲੋਕਾਂ ਵਿੱਚ ਦੋ ਪੰਜਾਬੀ ਨਿਕਲੇ ਹਨ।
Canada News: ਕੈਨੇਡਾ 'ਚ ਪੰਜਾਬੀਆਂ ਦਾ ਮੁੜ ਵੱਡਾ ਕਾਰਾ ਸਾਹਮਣੇ ਆਇਆ ਹੈ। ਕੈਨੇਡਾ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਵਿੱਚ ਸ਼ਾਮਲ ਲੋਕਾਂ ਵਿੱਚ ਦੋ ਪੰਜਾਬੀ ਨਿਕਲੇ ਹਨ। ਪੁਲਿਸ ਨੇ ਇਸ ਸਬੰਧੀ ਛੇ ਲੋਕਾਂ ਨੂੰ ਕਾਬੂ ਕੀਤਾ ਹੈ। ਇਹ ਖੁਲਾਸਾ ਪੀਲ ਰੀਜਨਲ ਪੁਲਿਸ (ਪੀਆਰਪੀ) ਨੇ ਕੀਤਾ ਹੈ।
ਦੱਸ ਦਈਏ ਕਿ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਉਪਰ ਪਿਛਲੇ ਸਾਲ ਬਹੁ-ਕਰੋੜੀ ਡਾਲਰ ਦੇ ਸੋਨੇ ਦੀ ਚੋਰੀ ਹੋਈ ਸੀ। ਇਸ ਨੂੰ ਕੈਨੇਡਾ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਮੰਨਿਆ ਜਾਂਦਾ ਹੈ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਛੇ ਵਿਅਕਤੀਆਂ ਵਿੱਚ ਘੱਟੋ-ਘੱਟ ਦੋ ਭਾਰਤੀ ਮੂਲ ਦੇ ਵਿਅਕਤੀ ਸ਼ਾਮਲ ਹਨ।
ਉਧਰ, ਪੀਲ ਰੀਜਨਲ ਪੁਲਿਸ (ਪੀਆਰਪੀ) ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਦੇ ਵਾਰੰਟ ਵੀ ਜਾਰੀ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ 17 ਅਪਰੈਲ 2023 ਨੂੰ ਏਅਰ ਕਾਰਗੋ ਕੰਟੇਨਰ, ਜਿਸ ਵਿੱਚ 2.2 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਛੜਾਂ ਤੇ ਵਿਦੇਸ਼ੀ ਮੁਦਰਾ ਸੀ, ਨੂੰ ਜਾਅਲੀ ਕਾਗਜ਼ੀ ਕਾਰਵਾਈ ਦੀ ਵਰਤੋਂ ਕਰਕੇ ਚੋਰੀ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਸੋਨਾ ਤੇ ਕਰੰਸੀ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੀ ਫਲਾਈਟ ‘ਤੇ ਪਹੁੰਚੀ ਸੀ। ਪੁਲਿਸ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦੇ ਘੱਟੋ-ਘੱਟ ਦੋ ਸਾਬਕਾ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਇਸ ਚੋਰੀ ਵਿੱਚ ਮਦਦ ਕੀਤੀ ਸੀ। ਇੱਕ ਹੁਣ ਹਿਰਾਸਤ ਵਿੱਚ ਹੈ ਤੇ ਦੂਜੇ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੂਲ ਦੇ ਦੋ ਵਿਅਕਤੀਆਂ ਪਰਮਪਾਲ ਸਿੱਧੂ (54) ਤੇ ਅਮਿਤ ਜਲੋਟਾ (40), ਦੋਵੇਂ ਓਂਟਾਰੀਓ ਦੇ ਰਹਿਣ ਵਾਲੇ ਹਨ, ਨੂੰ ਅੰਮਾਦ ਚੌਧਰੀ (43), ਅਲੀ ਰਜ਼ਾ (37) ਤੇ ਪ੍ਰਸਥ ਪਰਮਾਲਿੰਗਮ (35) ਦੇ ਨਾਲ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਮੁਤਾਬਕ ਅਪਰਾਧ ਸਮੇਂ ਸਿੱਧੂ ਏਅਰ ਕੈਨੇਡਾ ਵਿੱਚ ਕੰਮ ਕਰਦਾ ਸੀ। ਇਸ ਤੋਂ ਇਲਾਵਾ ਪੁਲਿਸ ਨੇ ਬਰੈਂਪਟਨ ਦੇ 31 ਸਾਲਾ ਸਿਮਰਨ ਪ੍ਰੀਤ ਪਨੇਸਰ ਦੇ ਵਾਰੰਟ ਜਾਰੀ ਕੀਤੇ ਹਨ, ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ’ਚ ਤਾਇਨਾਤ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਤੇ ਮਿਸੀਸਾਗਾ ਦੇ 42 ਸਾਲਾ ਅਰਸਲਾਨ ਚੌਧਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।