ਕੈਨੇਡੀਅਨ ਐਮਪੀ ਰਮਨਦੀਪ ਬਰਾੜ ਦੇ ਕਿਸਾਨ ਅੰਦੋਲਨ 'ਚ ਪਹੁੰਚਣ 'ਤੇ ਛਿੜਿਆ ਵਿਵਾਦ, ‘ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ’ ਦੇ ਇਲਜ਼ਾਮ
ਐਮਬੀ ਬਰਾੜ ਨੇ 2 ਜਨਵਰੀ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ ਹਨ। ਟੀਵੀ ਚੈਨਲ ‘ਟਾਈਮਜ਼ ਨਾਓ’ ਵੱਲੋਂ ਪ੍ਰਸਾਰਿਤ ਖ਼ਬਰ ਅਨੁਸਾਰ ਰਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਵਿੱਚ ਕੁਝ ਵੀ ਗ਼ਲਤ ਨਹੀਂ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ਸਰਕਾਰ ਦੀ ਸਖ਼ਤ ਚੇਤਾਵਨੀ ਦੇ ਬਾਵਜੂਦ ਭਾਰਤੀ ਮੂਲ ਦੇ ਕੈਨੇਡੀਅਨ ਸਿਆਸਤਦਾਨ ਰਮਨਦੀਪ ਸਿੰਘ ਬਰਾੜ ਨੇ ਦਿੱਲੀ ਦੀ ਸਰਹੱਦ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਹੈ। ਮਾਹਿਰਾਂ ਅਨੁਸਾਰ ਕੈਨੇਡੀਅਨ ਸੂਬੇ ਉਨਟਾਰੀਓ ਦੇ ਬ੍ਰੈਂਪਟਨ ਦੱਖਣੀ ਹਲਕੇ ਤੋਂ ਕਨਜ਼ਰਵੇਟਿਵ ਐਮਪੀ ਰਮਨਦੀਪ ਸਿੰਘ ਬਰਾੜ ਨੇ ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਹੈ। ਦੱਸ ਦੇਈਏ ਕਿ ਓਸੀਆਈ ਕਾਰਡਧਾਰਕ ਕੋਈ ਵੀ ਵਿਅਕਤੀ ਭਾਰਤ ਵਿੱਚ ਕਦੇ ਵੀ ਕਿਸੇ ਸਿਆਸੀ ਗਤੀਵਿਧੀ ’ਚ ਸ਼ਾਮਲ ਨਹੀਂ ਹੋ ਸਕਦਾ।
ਐਮਬੀ ਬਰਾੜ ਨੇ 2 ਜਨਵਰੀ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ ਹਨ। ਟੀਵੀ ਚੈਨਲ ‘ਟਾਈਮਜ਼ ਨਾਓ’ ਵੱਲੋਂ ਪ੍ਰਸਾਰਿਤ ਖ਼ਬਰ ਅਨੁਸਾਰ ਰਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਵਿੱਚ ਕੁਝ ਵੀ ਗ਼ਲਤ ਨਹੀਂ। ਇਸ ਲਈ ਕਿਸੇ ਸਰਕਾਰੀ ਪ੍ਰਵਾਨਗੀ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਸ ਸਥਾਨ ਉੱਤੇ ਤਾਂ ਬਹੁਤ ਸਾਰੇ ਹੋਰ ਦੇਸ਼ਾਂ ਦੇ ਪੱਤਰਕਾਰ ਵੀ ਕਵਰੇਜ ਲਈ ਪੁੱਜੇ ਹੋਏ ਹਨ।
ਕੈਨੇਡੀਅਨ ਐਮਪੀ ਨੇ ਅੱਗੇ ਕਿਹਾ ਕਿ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਭਾਰਤ ’ਚ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਇਹ ਵੀ ਦੱਸ ਦੇਈਏ ਕਿ ਟਰੂਡੋ ਨੇ ਆਖਿਆ ਸੀ ਕਿ ਕੈਨੇਡਾ ਸਦਾ ਸ਼ਾਂਤੀਪੂਰਨ ਅੰਦੋਲਨਕਾਰੀਆਂ ਦੇ ਅਧਿਕਾਰਾਂ ਦੀ ਰਾਖੀ ਕਰਦਾ ਰਹੇਗਾ। ਉਨ੍ਹਾਂ ਤੋਂ ਇਲਾਵਾ ਕੈਨੇਡਾ ਦੇ ਕੁਝ ਕੈਬਨਿਟ ਮੰਤਰੀ ਤੇ ਸੰਸਦ ਮੈਂਬਰ ਵੀ ਕਿਸਾਨ ਅੰਦੋਲਨ ਬਾਰੇ ਆਪਣੀਆਂ ਟਿੱਪਣੀਆਂ ਕਰ ਚੁੱਕੀਆਂ ਹਨ।
ਇੱਧਰ ਭਾਰਤ ਸਰਕਾਰ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਦੀਆਂ ਟਿੱਪਣੀਆਂ ਉੱਤੇ ਇਤਰਾਜ਼ ਪ੍ਰਗਟਾਉਂਦਿਆਂ ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਕਰਾਰ ਦੇ ਚੁੱਕੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ