ਵੱਡੀ ਖ਼ਬਰ: ਇੰਗਲੈਂਡ ’ਚ ਲੱਭਿਆ ਕੋਰੋਨਾ ਦਾ ਇਲਾਜ
ਪੂਰੀ ਦੁਨੀਆ ’ਚ ਕੋਰੋਨਾ ਦੀ ਲਾਗ ਇੱਕ ਵਾਰ ਫਿਰ ਤੇਜ਼ੀ ਨਾਲ ਤਬਾਹੀ ਮਚਾ ਰਹੀ ਹੈ। ਹਰ ਦਿਨ ਰਿਕਾਰਡ–ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਇੰਗਲੈਂਡ ਤੋਂ ਰਾਹਤ ਵਾਲੀ ਇੱਕ ਵੱਡੀ ਖ਼ਬਰ ਵੀ ਆਈ ਹੈ।
ਲੰਡਨ: ਪੂਰੀ ਦੁਨੀਆ ’ਚ ਕੋਰੋਨਾ ਦੀ ਲਾਗ ਇੱਕ ਵਾਰ ਫਿਰ ਤੇਜ਼ੀ ਨਾਲ ਤਬਾਹੀ ਮਚਾ ਰਹੀ ਹੈ। ਹਰ ਦਿਨ ਰਿਕਾਰਡ–ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਇੰਗਲੈਂਡ ਤੋਂ ਰਾਹਤ ਵਾਲੀ ਇੱਕ ਵੱਡੀ ਖ਼ਬਰ ਵੀ ਆਈ ਹੈ। ਦਰਅਸਲ, ਇੱਥੇ ਇੱਕ ਕਲੀਨਿਕ ਪ੍ਰੀਖਣ ਨਾਲ ਸੈਨੋਟਾਈਜ਼ ਨਾਲ ਕੋਰੋਨਾ ਦਾ ਇਲਾਜ ਕਰਨ ਵਿੱਚ ਕਾਮਯਾਬੀ ਮਿਲਣ ਦੀ ਗੱਲ ਆਖੀ ਜਾ ਰਹੀ ਹੈ। ਇਸ ਪ੍ਰੀਖਣ ਮੁਤਾਬਕ ਸੈਨੋਟਾਈਜ਼ ਦੀ ਵਰਤੋਂ ਕਰਨ ’ਤੇ ਕੋਰੋਨਾ ਪੀੜਤ ਮਰੀਜ਼ ’ਤੇ ਵਾਇਰਸ ਦਾ ਪ੍ਰਭਾਵ 24 ਘੰਟਿਆਂ ’ਚ 95 ਫ਼ੀਸਦੀ ਤੇ 72 ਘੰਟਿਆਂ ਵਿੱਚ 99 ਫ਼ੀਸਦੀ ਤੱਕ ਘੱਟ ਹੋ ਗਿਆ।
ਗ਼ੌਰਤਲਬ ਹੈ ਕਿ ਇਹ ਕਲੀਨੀਕਲ ਪ੍ਰੀਖਣ ਬਾਇਓਟੈੱਕ ਕੰਪਨੀ ਸੈਨੋਟਾਈਜ਼ ਰਿਸਰਚ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ (SaNOtize) ਤੇ ਇੰਗਲੈਂਡ ਦੇ ਐਸ਼ਫ਼ੋਰਡ ਅਤੇ ਪੀਟਰਜ਼ ਹਸਪਤਾਲ ਵੱਲੋਂ ਕੀਤਾ ਗਿਆ ਹੈ। ਇਸ ਪ੍ਰੀਖਣ ’ਚ ਮਿਲੇ ਹਾਂਪੱਖੀ ਨਤੀਜੇ ਦਾ ਐਲਾਨ ਸ਼ੁੱਕਰਵਾਰ ਕੀਤਾ ਗਿਆ ਸੀ।
ਸੈਨੋਟਾਈਜ਼ ਇੱਕ ਨਾਈਟ੍ਰਿਕ ਨੇਜ਼ਲ ਸਪ੍ਰੇਅ (NONS) ਹੈ
ਪ੍ਰੀਖਣ ਦੌਰਾਨ ਮਿਲੇ ਨਤੀਜਿਆਂ ਅਨੁਸਾਰ ਸੈਨੋਟਾਈਜ਼ ਇੱਕ ਨਾਈਟ੍ਰਿਕ ਨੇਜ਼ਲ ਸਪ੍ਰੇਅ (NONS) ਹੈ ਤੇ ਇਹ ਇੱਕ ਬਹੁਤ ਹੀ ਸੁਰੱਖਿਤ ਪ੍ਰਭਾਵਸ਼ਾਲੀ ਐਂਟੀਵਾਇਰਲ ਟ੍ਰੀਟਮੈਂਟ ਹੈ। ਇਹ ਕੋਵਿਡ-19 ਵਾਇਰਸ ਦੀ ਲਾਗ ਨੂੰ ਰੋਕਣ ਵਿੱਚ ਕਾਰਗਰ ਸਿੱਧ ਹੋ ਰਿਹਾ ਹੈ ਅਤੇ ਵਾਇਰਸ ਦਾ ਅਸਰ ਵੀ ਘਟਾ ਰਿਹਾ ਹੈ।
ਦੱਸ ਦੇਈਏ ਕਿ ਪ੍ਰੀਖਣ ਲਈ ਕੋਰੋਨਾ ਦੀ ਲਾਗ ਤੋਂ ਪੀੜਤ 79 ਮਰੀਜ਼ਾਂ ਉੱਤੇ ਸੈਨੋਟਾਈਜ਼ ਦੇ ਅਸਰ ਦਾ ਮੁੱਲੰਕਣ ਕੀਤਾ ਗਿਆ ਸੀ। ਨੇਜ਼ਲ ਸਪ੍ਰੇਅ ਦੀ ਵਰਤੋਂ ਕੀਤੇ ਜਾਣ ਨਾਲ ਕੋਰੋਨਾ ਤੋਂ ਪੀੜਤ ਮਰੀਜ਼ਾਂ ਵਿੱਚ ਸਾਰਸ-ਕੋਵ-2 ਵਾਇਰਸ ਦਾ ਲੋਡ ਘੱਟ ਹੋਇਆ।
ਗ਼ੌਰਤਲਬ ਹੈ ਕਿ ਪਹਿਲੇ 24 ਘੰਟਿਆਂ ਵਿੱਚ ਔਸਤ ਵਾਇਰਸ ਲਾੱਗ ਘੱਟ ਹੋ ਕੇ 1.362 ਹੋ ਗਿਆ। ਇਸ ਤਰ੍ਹਾਂ ਪਹਿਲੇ 24 ਘੰਟਿਆਂ ਦੌਰਾਨ ਔਸਤ ਵਾਇਰਲ ਲੋਡ ਵਿੱਚ 95 ਫ਼ੀ ਸਦੀ ਕਮੀ ਦਰਜ ਕੀਤੀ ਗਈ; ਜਦ ਕਿ 72 ਘੰਟਿਆਂ ਵਿੱਚ ਇਹ ਵਾਇਰਲ ਲੋਡ 99 ਫ਼ੀ ਸਦੀ ਤੋਂ ਜ਼ਿਆਦਾ ਘੱਟ ਹੋ ਗਿਆ।
ਪ੍ਰੀਖਣ ਵਿੱਚ ਸ਼ਾਮਲ ਕੀਤੇ ਗਏ ਮਰੀਜ਼ਾਂ ਵਿੱਚ ਜ਼ਿਆਦਾਤਰ ਕੋਰੋਨਾ ਦੇ ਯੂਕੇ ਵੇਰੀਐਂਟ ਤੋਂ ਪੀੜਤ ਸਨ। ਇਹ ਕੋਰੋਨਾ ਸਟ੍ਰੇਨ ਕਾਫ਼ੀ ਘਾਤਕ ਮੰਨਿਆ ਜਾਦਾ ਹੈ। ਇਸ ਪ੍ਰੀਖਣ ਸਮੇਂ ਮਰੀਜ਼ਾਂ ਉੱਤੇ ਕੋਈ ਸਾਈਡ-ਇਫ਼ੈਕਟ ਨਹੀਂ ਵੇਖਿਆ ਗਿਆ।
ਦੱਸ ਦੇਈਏ ਕਿ ਐੱਨਓਐੱਨਐੱਸ ਇੱਕੋ-ਇੱਕ ਨੋਵਲ ਥੈਰਾਪਿਊਟਿਕ ਇਲਾਜ ਹੈ, ਜੋ ਮਨੁੱਖਾਂ ’ਚ ਵਾਇਰਲ ਲੋਡ ਘੱਟ ਕਰਨ ’ਚ ਸਫ਼ਲ ਰਿਹਾ ਹੈ। ਮੋਨੋਕਲੋਨਲ ਐਂਟੀ–ਬਾਡੀ ਇਲਾਜ ਨਹੀਂ ਹੈ।