Bacteria infection: 'ਮਾਸ ਖਾਣ ਵਾਲੇ ਬੈਕਟੀਰੀਆ' ਦਾ ਹਮਲਾ, ਦੋ ਦਿਨਾਂ ਵਿਚ ਪੀੜਤਾਂ ਦੀ ਲੈ ਰਿਹੈ ਜਾਨ
ਇਕ ਦੁਰਲੱਭ "ਮਾਸ ਖਾਣ ਵਾਲਾ ਬੈਕਟੀਰੀਆ" ਜਾਪਾਨ ਵਿਚ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ 48 ਘੰਟਿਆਂ ਵਿਚ ਪੀੜਤ ਲੋਕ ਜਾਨ ਗੁਆ ਬੈਠਦੇ ਹਨ।
Bacteria Infection: ਇਕ ਦੁਰਲੱਭ "ਮਾਸ ਖਾਣ ਵਾਲਾ ਬੈਕਟੀਰੀਆ" ਜਾਪਾਨ ਵਿਚ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ 48 ਘੰਟਿਆਂ ਵਿਚ ਪੀੜਤ ਲੋਕ ਜਾਨ ਗੁਆ ਬੈਠਦੇ ਹਨ। ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ ਦੇ ਅਨੁਸਾਰ ਇਸ ਸਾਲ 2 ਜੂਨ ਤੱਕ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਦੇ ਮਾਮਲੇ 977 ਤੱਕ ਪਹੁੰਚ ਗਏ ਹਨ, ਜੋ ਕਿ ਪਿਛਲੇ ਸਾਲ ਦੇ 941 ਮਾਮਲਿਆਂ ਤੋਂ ਵੱਧ ਹਨ।
ਸਟ੍ਰੈਪਟੋਕਾਕਸ-ਏ (GAS-A) ਆਮ ਤੌਰ ਉਤੇ ਬੱਚਿਆਂ ਵਿੱਚ ਸੋਜ ਅਤੇ ਗਲੇ ਦੇ ਦਰਦ ਦਾ ਕਾਰਨ ਬਣਦਾ ਹੈ, ਜਿਸ ਨੂੰ "ਸਟਰੈਪ ਥਰੋਟ" ਕਿਹਾ ਜਾਂਦਾ ਹੈ, ਪਰ ਕੁਝ ਅਜਿਹੇ ਬੈਕਟੀਰੀਆ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ, ਜਿਸ ਨਾਲ ਅੰਗਾਂ ਵਿੱਚ ਦਰਦ ਅਤੇ ਸੋਜ, ਬੁਖਾਰ, ਬੀਪੀ ਘੱਟ ਦੀ ਸਮੱਸਿਆ ਹੁੰਦੀ ਹੈ।
ਸਾਹ ਲੈਣ ਵਿੱਚ ਸਮੱਸਿਆ
ਇਹ ਨੈਕਰੋਸਿਸ, ਸਾਹ ਲੈਣ ਵਿੱਚ ਸਮੱਸਿਆਵਾਂ, ਅੰਗਾਂ ਦੀ ਅਸਫਲਤਾ ਅਤੇ ਅੰਤ ਵਿੱਚ ਮੌਤ ਦਾ ਕਾਰਨ ਬਣ ਸਕਦਾ ਹੈ। ਇਸ ਬਿਮਾਰੀ ਦਾ ਖ਼ਤਰਾ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਹੁੰਦਾ ਹੈ। ਟੋਕੀਓ ਦੀ ਵੂਮਨ ਮੈਡੀਕਲ ਯੂਨੀਵਰਸਿਟੀ ਨੇ ਕਿਹਾ, 'ਜ਼ਿਆਦਾਤਰ ਮੌਤਾਂ 48 ਘੰਟਿਆਂ ਦੇ ਅੰਦਰ ਹੋ ਜਾਂਦੀਆਂ ਹਨ। ਉਦਾਹਰਨ ਲਈ, ਜੇਕਰ ਇੱਕ ਮਰੀਜ਼ ਸਵੇਰੇ ਆਪਣੀ ਲੱਤ ਵਿੱਚ ਸੋਜ ਵੇਖਦਾ ਹੈ ਅਤੇ ਦੁਪਹਿਰ ਤੱਕ ਗੋਡੇ ਤੱਕ ਫੈਲਦਾ ਹੈ, ਤਾਂ ਉਸ ਦੀ 48 ਘੰਟਿਆਂ ਦੇ ਅੰਦਰ ਮੌਤ ਹੋ ਸਕਦੀ ਹੈ।
ਕਈ ਦੇਸ਼ਾਂ ਵਿਚ ਇਸ ਦੇ ਲੱਛਣ ਦੇਖੇ ਗਏ
ਇਸ ਸਮੇਂ ਕਈ ਦੇਸ਼ਾਂ ਵਿਚ ਇਸ ਦੇ ਲੱਛਣ ਦੇਖੇ ਗਏ ਹਨ। ਘੱਟੋ-ਘੱਟ ਪੰਜ ਯੂਰਪੀਅਨ ਦੇਸ਼ਾਂ ਨੇ 2022 ਦੇ ਅਖੀਰ ਵਿੱਚ ਵਿਸ਼ਵ ਸਿਹਤ ਸੰਗਠਨ ਨੂੰ ਬਿਮਾਰੀ ਦੇ ਮਾਮਲਿਆਂ ਵਿੱਚ ਵਾਧੇ ਦੀ ਰਿਪੋਰਟ ਦਿੱਤੀ। WHO ਨੇ ਮਾਮਲਿਆਂ ਵਿੱਚ ਵਾਧੇ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ। ਇਸ ਦਾ ਕਹਿਣਾ ਹੈ ਕਿ ਕੋਵਿਡ ਤੋਂ ਬਾਅਦ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
30% ਲੋਕਾਂ ਦੀ "ਭਿਆਨਕ" ਮੌਤਾਂ ਹੋਣ ਦੀ ਸੰਭਾਵਨਾ
ਜਾਪਾਨ ਵਿਚ ਜਿਸ ਦਰ ਨਾਲ ਇਹ ਲਾਗ ਫੈਲ ਰਹੀ ਹੈ, ਇਸ ਸਾਲ ਕੇਸਾਂ ਦੀ ਗਿਣਤੀ 2,500 ਨੂੰ ਪਾਰ ਕਰ ਸਕਦੀ ਹੈ, 30% ਲੋਕਾਂ ਦੀ "ਭਿਆਨਕ" ਮੌਤਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਚਣ ਲਈ ਲੋਕਾਂ ਨੂੰ ਵਾਰ-ਵਾਰ ਹੱਥ ਧੋਣ, ਸਾਫ਼-ਸਫ਼ਾਈ ਰੱਖਣ ਅਤੇ ਸਰੀਰ ਦੇ ਬਾਹਰਲੇ ਜ਼ਖ਼ਮਾਂ ਦਾ ਸਹੀ ਢੰਗ ਨਾਲ ਇਲਾਜ ਕਰਨ ਦੀ ਸਲਾਹ ਦਿੱਤੀ ਗਈ ਹੈ।