India-Pakistan War: ਭਾਰਤ-ਪਾਕਿ ਜੰਗ ਬਾਰੇ ਟਰੰਪ ਦਾ ਵੱਡਾ ਖੁਲਾਸਾ, ਫੋਨ ਕਰਕੇ ਮਾਰਿਆ ਸੀ ਦਾਬਾ...ਕਸ਼ਮੀਰ ਬਾਰੇ ਵੀ ਦਾਅਵਾ
Trump on India-Pakistan War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੀ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲੀਆ ਤਣਾਅ ਨੂੰ ਖਤਮ ਕਰਵਾਇਆ ਹੈ।

Trump on India-Pakistan War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੀ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲੀਆ ਤਣਾਅ ਨੂੰ ਖਤਮ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਕੁਝ ਵੀ ਹੱਲ ਕਰ ਸਕਦਾ ਹਾਂ...ਮੈਂ ਇੱਕ ਫੋਨ ਕਾਲ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ, ਜਿਸ ਦਾ ਸਿਹਰਾ ਮੈਨੂੰ ਤੇ ਰਿਪਬਲਿਕਨ ਪਾਰਟੀ ਨੂੰ ਮਿਲਣਾ ਚਾਹੀਦਾ ਹੈ।
ਦੱਸ ਦਈਏ ਕਿ ਭਾਰਤ ਟਰੰਪ ਦੇ ਦਾਅਵੇ ਨੂੰ ਕਈ ਵਾਰ ਰੱਦ ਕਰ ਚੁੱਕਾ ਹੈ ਪਰ ਉਹ ਲਗਾਤਾਰ ਕੌਮਾਂਤਰੀ ਮੰਚ ਉਪਰ ਬੋਲ ਰਹੇ ਹਨ ਕਿ ਉਨ੍ਹਾਂ ਨੇ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਈ। ਟਰੰਪ ਨੇ ਕਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜੰਗ ਦੀ ਕਗਾਰ 'ਤੇ ਖੜ੍ਹੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਕਰਵਾਉਣ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਉਹ ਕਸ਼ਮੀਰ ਮੁੱਦੇ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਤੇ ਪਾਕਿਸਤਾਨ ਨੂੰ ਇਕੱਠੇ ਲਿਆਉਣ ਲਈ ਤਿਆਰ ਹਨ। ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਉਨ੍ਹਾਂ ਦੋਵਾਂ (ਭਾਰਤ ਤੇ ਪਾਕਿਸਤਾਨ) ਨੂੰ ਇਕੱਠੇ ਲਿਆਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਦੁਸ਼ਮਣੀ ਚੱਲੀ ਆ ਰਹੀ ਹੈ। ਮੈਂ ਇਸ ਨੂੰ ਖਤਮ ਕਰਨ ਲਈ ਕੁਝ ਵੀ ਕਰ ਸਕਦਾ ਹਾਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਤਣਾਅ ਨੂੰ ਖਤਮ ਕਰਨ ਦੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਫੋਨ ਕਰਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ। ਉਨ੍ਹਾਂ ਕਿਹਾ ਕਿ ਮੈਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੋਕ ਦਿੱਤੀ।
ਟਰੰਪ ਨੇ ਅੱਗੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਜੰਗ ਦੀ ਤਿਆਰੀ ਕਰ ਰਹੇ ਸਨ ਤੇ ਹੁਣ ਪਾਕਿਸਤਾਨ ਦੀ ਹਮਲਾ ਕਰਨ ਦੀ ਵਾਰੀ ਸੀ। ਉਹ ਪ੍ਰਮਾਣੂ ਹਮਲਾ ਕਰਨ ਬਾਰੇ ਸੋਚ ਰਹੇ ਸਨ। ਇਸ ਦੌਰਾਨ ਮੈਂ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਫ਼ੋਨ ਕੀਤਾ। ਉਨ੍ਹਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਜੇਕਰ ਤੁਸੀਂ ਜੰਗ ਲੜਦੇ ਹੋ ਜਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਅਮਰੀਕਾ ਨਾਲ ਵਪਾਰ ਨਹੀਂ ਕਰ ਸਕੋਗੇ।
ਟਰੰਪ ਨੇ ਦਾਅਵਾ ਕੀਤਾ ਕਿ ਦੋਵੇਂ ਦੇਸ਼ ਉਨ੍ਹਾਂ ਦੀ ਗੱਲ ਸਮਝ ਗਏ ਤੇ ਪਿੱਛੇ ਹਟ ਗਏ। ਮੈਂ ਇਸ ਜੰਗ ਨੂੰ ਸਿਰਫ਼ ਫ਼ੋਨ ਤੇ ਵਪਾਰ ਰਾਹੀਂ ਰੋਕਿਆ। ਕੋਈ ਨਹੀਂ ਮਰਿਆ, ਇਹ ਇੱਕ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਮੈਨੂੰ ਤੇ ਰਿਪਬਲਿਕਨ ਪਾਰਟੀ ਨੂੰ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਮਰੀਕਾ ਨਾਲ ਵਪਾਰ ਸਮਝੌਤੇ 'ਤੇ ਕੰਮ ਕਰ ਰਿਹਾ ਹੈ ਤੇ ਪਾਕਿਸਤਾਨ ਵੀ ਅਗਲੇ ਹਫ਼ਤੇ ਗੱਲਬਾਤ ਲਈ ਆ ਰਿਹਾ ਹੈ। ਹਾਲਾਂਕਿ, ਇਸ ਮੁੱਦੇ 'ਤੇ ਭਾਰਤ ਸਰਕਾਰ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਦੁਵੱਲਾ ਮੁੱਦਾ ਹੈ ਤੇ ਇਸ ਲਈ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ ਹੈ।
ਦੱਸ ਦਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਬਹੁਤ ਵੱਧ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਤੇ ਪੀਓਜੇਕੇ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ। ਪਾਕਿਸਤਾਨ ਨੇ ਵੀ 8, 9 ਤੇ 10 ਮਈ ਨੂੰ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ 10 ਮਈ ਨੂੰ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚਕਾਰ ਗੱਲਬਾਤ ਤੋਂ ਬਾਅਦ ਸਥਿਤੀ ਆਮ ਹੋ ਗਈ। ਇਸ ਮਾਮਲੇ ਵਿੱਚ ਭਾਰਤ ਦਾ ਕਹਿਣਾ ਹੈ ਕਿ ਜੰਗ ਰੋਕਣ ਦਾ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਗੱਲਬਾਤ ਰਾਹੀਂ ਹੋਇਆ ਸੀ ਨਾ ਕਿ ਕਿਸੇ ਤੀਜੇ ਦੇਸ਼ ਦੇ ਦਖਲ ਰਾਹੀਂ।






















