ਪੜਚੋਲ ਕਰੋ
ਚੱਲਦੇ-ਚੱਲਦੇ ਹਵਾ ਸਾਫ਼ ਕਰਦੀ ਜਾਵੇਗੀ ਬੱਸ, ਛੱਤ 'ਤੇ ਲੱਗੀਆਂ ਵੱਡੀਆਂ ਛਾਣਨੀਆਂ

ਚੰਡੀਗੜ੍ਹ: ਅੱਜ ਪੂਰੀ ਦੁਨੀਆ ਵਿੱਚ ਹਵਾ ਦਾ ਪ੍ਰਦੂਸ਼ਣ ਵੱਡੀ ਸਮੱਸਿਆ ਹੈ ਤੇ ਹਰ ਦੇਸ਼ ਇਸ ਨਾਲ ਨਜਿੱਠਣ ਲਈ ਆਪੋ-ਆਪਣੇ ਪੱਧਰ 'ਤੇ ਕੋਸ਼ਿਸ਼ਾਂ ਕਰ ਰਿਹਾ ਹੈ। ਇਸੇ ਦਰਮਿਆਨ ਬ੍ਰਿਟੇਨ ਦੀ ਸਭ ਤੋਂ ਵੱਡੀ ਬੱਸ ਕੰਪਨੀ ਤੇ ਰੇਲ ਸੰਚਾਲਕ 'ਗੋ ਅਹੈੱਡ' ਨੇ ਪਹਿਲੀ ਏਅਰ ਫਿਲਟਰ ਵਾਲੀ ਬੱਸ 'ਬਲੂ ਸਟਾਰ' ਬਣਾਈ ਹੈ। ਦਰਅਸਲ, ਇਸ ਬੱਸ ਦੀ ਛੱਤ 'ਤੇ ਹਵਾ ਨੂੰ ਛਾਣਨ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ, ਜਿਸ ਦੀ ਮਦਦ ਨਾਲ ਇਹ ਚੱਲਦੇ ਸਮੇਂ ਹਵਾ ਨੂੰ ਸਾਫ ਕਰ ਸਕਦੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਬੱਸ ਦੀ ਛੱਤ 'ਤੇ ਲੱਗੇ ਹੋਏ ਫਿਲਟਰ ਬੱਸ ਦੇ ਟਾਇਰ, ਬ੍ਰੇਕ ਤੋਂ ਉੱਡਣ ਵਾਲੀ ਧੂੜ, ਸੜਕ ਤੇ ਨੇੜੇ ਤੇੜੇ ਦੀ ਹਵਾ ਵਿੱਚ ਮੌਜੂਦ ਧੂੜ ਦੇ ਛੋਟੇ ਕਣਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ ਤੇ ਸਾਫ਼ ਹਵਾ ਬਾਹਰ ਛੱਡਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਜਿਵੇਂ-ਜਿਵੇਂ ਬੱਸ ਅੱਗੇ ਵਧਦੀ ਜਾਂਦੀ ਹੈ, ਉਹ ਹਵਾ ਨੂੰ ਫਿਲਟਰ ਕਰਦੀ ਜਾਂਦੀ ਹੈ ਤੇ ਇਸ ਤਰ੍ਹਾਂ ਹਵਾ ਵਿੱਚ ਮੌਜੂਦ 99.5% ਛੋਟੇ ਕਣ ਛਾਣੇ ਜਾ ਸਕਦੇ ਹਨ।
ਗੋ ਅਹੈੱਡ ਦੇ ਪ੍ਰਮੁੱਖ ਅਧਿਕਾਰੀ ਡੇਵਿਡ ਬ੍ਰਾਊਨ ਨੇ ਦੱਸਿਆ ਕਿ ਇਸ ਬੱਸ ਨੂੰ ਨਾ ਸਿਰਫ਼ ਭੀੜ ਘਟਾਉਣ ਦੇ ਹੱਲ ਵਜੋਂ ਵਰਤਿਆ ਜਾ ਸਕਦਾ ਹੈ, ਬਲਕਿ ਇਹ ਵਾਤਾਵਰਣ ਦੀ ਰਾਖੀ ਵੀ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ 10 ਮੀਟਰ ਤਕ ਦੀ ਉਚਾਈ ਤਕ ਹਵਾ ਨੂੰ ਸਾਫ਼ ਕਰ ਸਕਦੀ ਹੈ। ਇਸ ਤਰ੍ਹਾਂ ਇੱਕ ਸਾਲ ਵਿੱਚ 25 ਓਲੰਪਿਕ ਸਵਿਮਿੰਗ ਪੂਲਜ਼ ਦੇ ਬਰਾਬਰ ਮਾਤਰਾ ਵਿੱਚ ਹਵਾ ਨੂੰ ਸਾਫ਼ ਕਰ ਸਕਦੀ ਹੈ।
'ਬਲੂ ਸਟਾਰ' ਨੂੰ ਤਿੰਨ ਮਹੀਨੇ ਦੀ ਅਜ਼ਮਾਇਸ਼ 'ਤੇ ਸਾਊਥੈਂਪਟਨ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਬਾਅਦ ਬੱਸ ਉੱਪਰ ਲੱਗੇ ਫਿਲਟਰਾਂ ਨੂੰ ਜਾਂਚਿਆ ਜਾਵੇਗਾ, ਜਿਸ ਤੋਂ ਪਤਾ ਲੱਗੇਗਾ ਕਿ ਕਿੰਨੇ ਪ੍ਰਦੂਸ਼ਕ ਕਣਾਂ ਨੂੰ ਹਟਾਉਣ ਵਿੱਚ ਮਦਦ ਮਿਲੀ ਹੈ। ਬ੍ਰਾਊਨ ਮੁਤਾਬਕ ਜੇਕਰ ਟ੍ਰਾਇਲ ਸਫ਼ਲ ਰਹਿੰਦਾ ਹੈ ਤਾਂ 4,600 ਬੱਸਾਂ ਵਿੱਚ ਵੀ ਅਜਿਹੇ ਫਿਲਟਰ ਲਾਏ ਜਾਣਗੇ ਤਾਂ ਜੋ ਸਾਊਥੈਂਪਟਨ ਨੂੰ 2020 ਤਕ 'ਕਲੀਅਰ ਏਅਰ ਜ਼ੋਨ' ਬਣਾਉਣ ਵਿੱਚ ਮਦਦ ਕਰੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















