ਪਾਕਿਸਤਾਨ ਤੋਂ ਬਾਅਦ ਬੰਗਲਾਦੇਸ਼ 'ਚ ਹਿੰਦੂ ਮੰਦਰ 'ਚ ਭੰਨਤੋੜ, ਦੋਸ਼ੀ ਗ੍ਰਿਫਤਾਰ, ਸਥਿਤੀ ਤਣਾਅਪੂਰਨ
Bangladesh Hindu Temples Vandalised: ਮੰਦਰ ਵਿੱਚ ਭੰਨਤੋੜ ਕਰਨ ਵਾਲੇ ਦੋਸ਼ੀ ਦੀ ਪਛਾਣ ਖਲੀਲ ਮੀਆ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ।
Bangladesh Hindu Temples: ਪਾਕਿਸਤਾਨ ਤੋਂ ਬਾਅਦ ਹੁਣ ਬੰਗਲਾਦੇਸ਼ ਦੇ ਹਿੰਦੂ ਮੰਦਰ ਵਿੱਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਬ੍ਰਾਹਮਣਬਾਰੀਆ ਜ਼ਿਲ੍ਹੇ ਵਿੱਚ ਇੱਕ 36 ਸਾਲਾ ਵਿਅਕਤੀ ਨੇ ਇੱਕ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੀ। ਘਟਨਾ ਵੀਰਵਾਰ ਰਾਤ ਦੀ ਹੈ। ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ 'ਚ ਗੁੱਸਾ ਹੈ।
ਰਿਪੋਰਟ ਮੁਤਾਬਕ, ਪੂਰੀ ਘਟਨਾ ਨਿਆਮਤਪੁਰ ਪਿੰਡ ਦੀ ਹੈ ਜਿੱਥੇ ਸਥਿਤ ਦੁਰਗਾ ਮੰਦਰ ਨੂੰ ਨੁਕਸਾਨ ਪਹੁੰਚਿਆ ਹੈ। ਮੁਲਜ਼ਮ ਦੀ ਪਛਾਣ ਖਲੀਲ ਮੀਆਂ ਵਜੋਂ ਹੋਈ ਹੈ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਪੋਰਟ ਮੁਤਾਬਕ ਜਿਵੇਂ ਹੀ ਭੰਨਤੋੜ ਦੀ ਖਬਰ ਫੈਲੀ ਤਾਂ ਇਲਾਕੇ 'ਚ ਸਨਸਨੀ ਫੈਲ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗੁੱਸੇ ਵਿੱਚ ਹੈ ਹਿੰਦੂ ਭਾਈਚਾਰਾ
ਬ੍ਰਾਹਮਣਬਾਰੀਆ ਦੇ ਪੁਲਿਸ ਸੁਪਰਡੈਂਟ ਮੁਹੰਮਦ ਸ਼ਾਖਾਵਤ ਹੁਸੈਨ ਨੇ ਖਲੀਲ ਮੀਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਪਰ ਪੁਲਿਸ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਦੋਸ਼ੀ ਨੇ ਘਟਨਾ ਨੂੰ ਕਿਉਂ ਅੰਜ਼ਾਮ ਦਿੱਤਾ। ਪੁਲਿਸ ਸੁਪਰਡੈਂਟ ਅਨੁਸਾਰ ਪੁਲਿਸ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਅਜਿਹੀ ਨਿੰਦਣਯੋਗ ਹਰਕਤ ਕਿਉਂ ਕੀਤੀ।
ਨਿਆਮਤਪੁਰ ਸਰਵਜਨਿਕ ਦੁਰਗਾ ਮੰਦਰ ਦੇ ਪ੍ਰਧਾਨ ਜਗਦੀਸ਼ ਦਾਸ ਦੇ ਅਨੁਸਾਰ, ਅਚਾਨਕ ਕੀਤੀ ਭੰਨਤੋੜ ਦੀ ਕਾਰਵਾਈ ਨੇ ਸਥਾਨਕ ਹਿੰਦੂ ਭਾਈਚਾਰੇ ਦੇ ਮੈਂਬਰਾਂ ਵਿੱਚ ਗੁੱਸਾ ਅਤੇ ਰੋਸ ਫੈਲਾ ਦਿੱਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖਲੀਲ ਮੀਆਂ ਪਿੰਡ ਨਿਆਮਤਪੁਰ ਵਿੱਚ ਆਪਣੀ ਭੈਣ ਦੇ ਘਰ ਮਿਲਣ ਆਇਆ ਸੀ ਜਦੋਂ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਰਿਪੋਰਟ ਮੁਤਾਬਕ ਦੋਸ਼ੀਆਂ ਨੇ ਦੁਰਗਾ ਮੰਦਰ ਦੇ ਅੰਦਰ ਪੰਜ ਤੋਂ ਛੇ ਮੂਰਤੀਆਂ ਤੋੜ ਦਿੱਤੀਆਂ।
ਇਸ ਮਾਮਲੇ ਵਿੱਚ ਜਗਦੀਸ਼ ਦਾਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਪੀਡੀ ਟ੍ਰਾਇਲ ਐਕਟ ਤਹਿਤ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਮਾਮਲੇ ਦੀ ਪੂਰੀ ਜਾਂਚ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਮਲਾ ਇਸ ਸਾਲ ਫਰਵਰੀ 'ਚ ਬੰਗਲਾਦੇਸ਼ 'ਚ ਦੇਖਣ ਨੂੰ ਮਿਲਿਆ ਸੀ, ਜਦੋਂ ਅਣਪਛਾਤੇ ਲੋਕਾਂ ਨੇ ਉੱਤਰੀ ਜ਼ਿਲੇ ਠਾਕੁਰਗਾਓਂ 'ਚ ਬਲਿਆਦੰਗੀ ਉਪਜ਼ਿਲਾ ਦੇ ਅਧੀਨ 12 ਹਿੰਦੂ ਮੰਦਰਾਂ 'ਚ 14 ਮੂਰਤੀਆਂ ਤੋੜ ਦਿੱਤੀਆਂ ਸਨ।