Kabul Airport Blast: ਕਾਬੁਲ ਏਅਰਪੋਰਟ 'ਤੇ ਆਤਮਘਾਤੀ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 72, 12 ਅਮਰੀਕੀ ਫ਼ੌਜੀ ਵੀ ਸ਼ਾਮਲ
ਜਦੋਂ ਇਹ ਆਤਮਘਾਤੀ ਹਮਲਾ ਹੋਇਆ, ਹਵਾਈ ਅੱਡੇ 'ਤੇ ਹਜ਼ਾਰਾਂ ਲੋਕ ਮੌਜੂਦ ਸਨ। ਬ੍ਰਿਟੇਨ ਦੀ ਖੁਫੀਆ ਏਜੰਸੀ ਨੇ ਹਮਲੇ ਬਾਰੇ ਚਿਤਾਵਨੀ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਹਮਲਾ ਆਈਐਸਆਈਐਸ ਵਾਲੇ ਪਾਸੇ ਤੋਂ ਕੀਤਾ ਜਾ ਸਕਦਾ ਹੈ।
ਕਾਬੁਲ: ਕਾਬੁਲ ਹਵਾਈ ਅੱਡੇ ਦੇ ਬਾਹਰ ਆਤਮਘਾਤੀ ਹਮਲੇ ਵਿੱਚ ਮੌਤਾਂ ਦਾ ਅੰਕੜਾ ਵੱਧ ਕੇ 72 ਹੋ ਗਿਆ ਹੈ। ਇੱਕ ਅਫ਼ਗ਼ਾਨੀ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਹੈ ਕਿ ਧਮਾਕਿਆਂ ਵਿੱਚ 143 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧਣ ਦਾ ਖ਼ਦਸ਼ਾ ਹੈ। ਮ੍ਰਿਤਕਾਂ ਵਿੱਚ 60 ਅਫ਼ਗ਼ਾਨੀ ਤੇ 12 ਅਮਰੀਕੀ ਫ਼ੌਜੀ ਸ਼ਾਮਲ ਹਨ। ਖ਼ਬਰਾਂ ਮੁਤਾਬਕ 18 ਅਮਰੀਕੀ ਫ਼ੌਜੀ ਇਸ ਸਮੇਂ ਜ਼ਖ਼ਮੀ ਵੀ ਹਨ। ਇਸ ਦਾਅਵੇ ਦੇ ਉਲਟ ਤਾਲਿਬਾਨ ਮੁਤਾਬਕ ਦੋ ਆਤਮਘਾਤੀ ਹਮਲਿਆਂ ਵਿੱਚ 13 ਤੋਂ 20 ਜਣਿਆਂ ਦੀ ਮੌਤ ਹੋਈ ਹੈ। ਇਨ੍ਹਾਂ ਹਮਲਿਆਂ ਵਿੱਚ ਕਿਸੇ ਵੀ ਭਾਰਤੀ ਨਾਗਰਿਕ ਦੀ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਆਈ ਹੈ।
ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟਸ ਵੱਲੋਂ ਲਈ ਗਈ ਹੈ। ਇਸ ਉਪਰੰਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਤਮਘਾਤੀ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ। ਬਾਈਡਨ ਨੇ ਆਪਣੀ ਵੀਡੀਓ ਬਿਆਨ ਵਿੱਚ ਆਖਿਆ ਹੈ ਕਿ ਜੋ ਵੀ ਇਸ ਧਮਾਕੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਾਲ 2011 ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਇੱਕੋ ਦਿਨ ਵਿੱਚ ਮਾਰੇ ਜਾਣ ਵਾਲੇ ਅਮਰੀਕੀ ਫ਼ੌਜੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।
Watch as I deliver remarks on the terror attack at Hamid Karzai International Airport, and the U.S. service members and Afghan victims killed and wounded. https://t.co/NBv02m3Bpm
— President Biden (@POTUS) August 26, 2021
ਅਮਰੀਕੀ ਰਾਸ਼ਟਰਪਤੀ ਨੇ ਧਮਾਕੇ ਦੇ ਬਾਵਜੂਦ ਅਫ਼ਗ਼ਾਨਿਸਤਾਨ ਵਿੱਚ ਜਾਰੀ ਬਚਾਅ ਉਡਾਣਾਂ ਨੂੰ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਹੈ, ਜੋ ਮਹੀਨੇ ਦੇ ਅੰਤ ਤੱਕ ਸੰਪੂਰਨ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਵੀ ਅਮਰੀਕਾ ਨੂੰ ਦੇਸ਼ ਛੱਡਣ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਕਾਰਨ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਵਿੱਚ ਜੁਟੇ ਹੋਏ ਹਨ।
ਜਦੋਂ ਇਹ ਆਤਮਘਾਤੀ ਹਮਲਾ ਹੋਇਆ, ਹਵਾਈ ਅੱਡੇ 'ਤੇ ਹਜ਼ਾਰਾਂ ਲੋਕ ਮੌਜੂਦ ਸਨ। ਦੱਸ ਦੇਈਏ ਕਿ ਬ੍ਰਿਟੇਨ ਦੀ ਖੁਫੀਆ ਏਜੰਸੀ ਨੇ ਹਮਲੇ ਬਾਰੇ ਚਿਤਾਵਨੀ ਦਿੱਤੀ ਸੀ। ਬ੍ਰਿਟੇਨ ਦੇ ਰੱਖਿਆ ਮੰਤਰੀ ਜੇਮਸ ਹਿੱਪੀ ਨੇ ਕਿਹਾ ਸੀ ਕਿ ਇਹ ਇੱਕ ਖਤਰਾ ਹੈ ਜਿਸਦਾ ਵੇਰਵਾ ਮੈਂ ਤੁਹਾਨੂੰ ਨਹੀਂ ਦੇ ਸਕਦਾ, ਪਰ ਇਹ ਧਮਕੀ ਬਹੁਤ ਨੇੜੇ, ਬਹੁਤ ਭਰੋਸੇਯੋਗ ਅਤੇ ਬਹੁਤ ਮਾਰੂ ਹੈ। ਖੁਫੀਆ ਜਾਣਕਾਰੀ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਹਮਲਾ ਆਈਐਸਆਈਐਸ ਵਾਲੇ ਪਾਸੇ ਤੋਂ ਕੀਤਾ ਜਾ ਸਕਦਾ ਹੈ।
ਪਿਛਲੇ ਦਿਨੀਂ ਤਾਲਿਬਾਨ ਨੇ ਪੰਜਸ਼ੀਰ ਨੂੰ ਛੱਡ ਕੇ ਪੂਰੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਉਦੋਂ ਤੋਂ, ਹਜ਼ਾਰਾਂ ਲੋਕ ਅਫਗਾਨਿਸਤਾਨ ਛੱਡ ਚੁੱਕੇ ਹਨ। ਇੰਨਾ ਹੀ ਨਹੀਂ, ਲੋਕ ਤਾਲਿਬਾਨ ਦੇ ਸ਼ਾਸਨ ਦੇ ਡਰ ਕਾਰਨ 31 ਅਗਸਤ ਤੋਂ ਪਹਿਲਾਂ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਲੋਕ ਪਿਛਲੇ ਕਈ ਦਿਨਾਂ ਤੋਂ ਏਅਰਪੋਰਟ 'ਤੇ ਫਸੇ ਹੋਏ ਹਨ।
ਵਿਸਥਾਰਤ ਵੀਡੀਓ ਰਿਪੋਰਟ-