Israel-Iran War: ਇਜ਼ਰਾਈਲ ਨੇ ਕੀਤਾ ਅਰਕ ਹੈਵੀ ਵਾਟਰ ਰਿਐਕਟਰ 'ਤੇ ਹਮਲਾ ਤਾਂ ਈਰਾਨ ਨੇ ਚਾਰ ਸ਼ਹਿਰਾਂ 'ਤੇ ਮਜਾਈਲਾਂ ਦਾਗ ਮੱਚਾਈ ਤਬਾਹੀ
Israel-Iran War: ਇਜ਼ਰਾਈਲ ਤੇ ਈਰਾਨ ਦੀ ਜੰਗ ਗੰਭੀਰ ਰੂਪ ਧਾਰ ਗਈ ਹੈ। ਹੁਣ ਜੰਗ ਵਿੱਚ ਅਮਰੀਕਾ ਤੇ ਰੂਸ ਦੀ ਐਂਟਰੀ ਵੀ ਹੋ ਸਕਦੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੀ...

Israel-Iran War: ਇਜ਼ਰਾਈਲ ਤੇ ਈਰਾਨ ਦੀ ਜੰਗ ਗੰਭੀਰ ਰੂਪ ਧਾਰ ਗਈ ਹੈ। ਹੁਣ ਜੰਗ ਵਿੱਚ ਅਮਰੀਕਾ ਤੇ ਰੂਸ ਦੀ ਐਂਟਰੀ ਵੀ ਹੋ ਸਕਦੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਇੱਕ ਹੱਲ ਲੱਭਿਆ ਜਾ ਸਕਦਾ ਹੈ ਪਰ ਅੱਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪਹਿਲਾਂ ਆਪਣੇ ਮਸਲੇ ਹੱਲ ਕਰ ਲੈ, ਦੂਜਿਆਂ ਨੂੰ ਸਲਾਹਾਂ ਫਿਰ ਦਈਂ।
ਉਧਰ, ਇਜ਼ਰਾਈਲ ਨੇ ਈਰਾਨ ਵਿੱਚ ਅਰਕ ਹੈਵੀ ਵਾਟਰ ਰਿਐਕਟਰ 'ਤੇ ਹਮਲਾ ਕੀਤਾ ਹੈ। ਹਮਲੇ ਤੋਂ ਬਾਅਦ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ। ਕੁਝ ਘੰਟੇ ਪਹਿਲਾਂ, ਇਜ਼ਰਾਈਲੀ ਫੌਜ (ਆਈਡੀਐਫ) ਨੇ ਅਰਕ ਤੇ ਖੋਂਡੂਬ ਸ਼ਹਿਰਾਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਅਰਕ ਵਿੱਚ ਇੱਕ ਹੈਵੀ ਵਾਟਰ ਰਿਐਕਟਰ ਹੈ। ਇਹ ਸਹੂਲਤ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਦੇ ਨਾਲ ਹੀ ਅਰਕ ਵਿੱਚ ਵੱਡੇ ਪੱਧਰ 'ਤੇ ਹਥਿਆਰ ਤਿਆਰ ਕੀਤੇ ਜਾਂਦੇ ਹਨ।
ਇਸ ਦੇ ਜਵਾਬ ਵਿੱਚ ਈਰਾਨ ਨੇ ਚਾਰ ਇਜ਼ਰਾਈਲੀ ਸ਼ਹਿਰਾਂ ਤਲ ਅਵੀਵ, ਬੇਰਸ਼ੇਬਾ, ਰਾਮਤ ਗਾਨ ਤੇ ਹੋਲੋਨ 'ਤੇ 30 ਮਿਜ਼ਾਈਲਾਂ ਦਾਗੀਆਂ। ਇਸ ਵਿੱਚ 176 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 6 ਲੋਕਾਂ ਦੀ ਹਾਲਤ ਗੰਭੀਰ ਹੈ। ਈਰਾਨੀ ਨਿਊਜ਼ ਏਜੰਸੀ ਆਈਆਰਐਨਏ ਨੇ ਕਿਹਾ ਕਿ ਸਵੇਰ ਦੇ ਬੰਬ ਧਮਾਕੇ ਵਿੱਚ ਈਰਾਨ ਦਾ ਉਦੇਸ਼ ਆਈਡੀਐਫ ਖੁਫੀਆ ਹੈੱਡਕੁਆਰਟਰ ਤੇ ਸੋਰੋਕਾ ਹਸਪਤਾਲ ਦੇ ਨੇੜੇ ਇੱਕ ਬੇਸ ਨੂੰ ਨਿਸ਼ਾਨਾ ਬਣਾਉਣਾ ਸੀ।
ਦੱਸ ਦਈਏ ਕਿ ਰਾਮਤ ਗਾਨ ਰਾਜਧਾਨੀ ਤਲ ਅਵੀਵ ਤੋਂ ਲਗਪਗ 5 ਕਿਲੋਮੀਟਰ ਦੂਰ ਹੈ। ਇਸ ਦੀ ਆਬਾਦੀ 1.75 ਲੱਖ ਤੋਂ ਵੱਧ ਹੈ। ਇਜ਼ਰਾਈਲ ਦਾ ਡਾਇਮੰਡ ਐਕਸਚੇਂਜ ਇੱਥੇ ਸਥਿਤ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਹੀਰਾ ਬਾਜ਼ਾਰਾਂ ਵਿੱਚੋਂ ਇੱਕ ਹੈ। ਈਰਾਨ ਨੇ ਮੱਧ ਇਜ਼ਰਾਈਲ ਵਿੱਚ ਸਥਿਤ ਸਟਾਕ ਐਕਸਚੇਂਜ ਦੀ ਇਮਾਰਤ 'ਤੇ ਮਿਜ਼ਾਈਲ ਹਮਲਾ ਕੀਤਾ। ਅਲ ਜਜ਼ੀਰਾ ਅਨੁਸਾਰ ਇਸ ਨਾਲ ਇਮਾਰਤ ਨੂੰ ਬਹੁਤ ਨੁਕਸਾਨ ਹੋਇਆ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਜਾਣਬੁੱਝ ਕੇ ਇਜ਼ਰਾਈਲੀ ਨਾਗਰਿਕਾਂ ਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਈਲ ਇਨ੍ਹਾਂ ਹਮਲਿਆਂ ਦਾ ਬਦਲਾ ਲਵੇਗਾ। ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ 7ਵੇਂ ਦਿਨ ਵਿੱਚ ਪਹੁੰਚ ਗਈ ਹੈ। ਹੁਣ ਤੱਕ ਇਜ਼ਰਾਈਲ ਦੇ 24 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ, ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 639 ਤੱਕ ਪਹੁੰਚ ਗਈ ਹੈ ਤੇ 1329 ਲੋਕ ਜ਼ਖਮੀ ਹੋਏ ਹਨ।
ਉਧਰ, ਅਮਰੀਕਾ ਵਿੱਚ ਈਰਾਨ ਦਾ ਸਮਰਥਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਨਿਊਯਾਰਕ ਸ਼ਹਿਰ ਦੀਆਂ ਸੜਕਾਂ 'ਤੇ ਮਾਰਚ ਕੀਤਾ। ਵੀਡੀਓ ਵਿੱਚ ਇਹ ਲੋਕ ਟਾਈਮਜ਼ ਸਕੁਏਅਰ ਵਿੱਚ "ਈਰਾਨ ਤੋਂ ਦੂਰ ਰਹੋ" ਵਰਗੇ ਨਾਅਰੇ ਲਗਾਉਂਦੇ ਤੇ ਇਜ਼ਰਾਈਲ ਸਮਰਥਕਾਂ 'ਤੇ ਗੁੱਸਾ ਜ਼ਾਹਰ ਕਰਦੇ ਦਿਖਾਈ ਦਿੱਤੇ। ਇਹ ਈਰਾਨੀ ਸਮਰਥਕ ਮੈਨਹਟਨ ਦੀਆਂ ਸੜਕਾਂ 'ਤੇ ਮਾਰਚ ਕਰ ਰਹੇ ਸਨ, ਪਰ ਨਿਊਯਾਰਕ ਪੁਲਿਸ (NYPD) ਨੇ ਉਨ੍ਹਾਂ ਨੂੰ ਇਜ਼ਰਾਈਲੀ ਕੌਂਸਲੇਟ ਤੱਕ ਪਹੁੰਚਣ ਤੋਂ ਰੋਕ ਦਿੱਤਾ। ਇਹ ਪ੍ਰਦਰਸ਼ਨ ਫਲਸਤੀਨੀ ਯੁਵਾ ਅੰਦੋਲਨ ਤੇ ਸਮਾਜਵਾਦੀ ਸੰਗਠਨਾਂ ਪੀਪਲਜ਼ ਫੋਰਮ ਤੇ ਜਵਾਬ ਅਲਾਇੰਸ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਇੱਕ ਹੱਲ ਲੱਭਿਆ ਜਾ ਸਕਦਾ ਹੈ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਉਨ੍ਹਾਂ ਨੇ ਇਸ ਤਣਾਅ ਨੂੰ ਘਟਾਉਣ ਲਈ ਰੂਸ ਤੋਂ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਪੁਤਿਨ ਨੇ ਕਿਹਾ ਕਿ ਰੂਸ ਇੱਕ ਅਜਿਹਾ ਸਮਝੌਤਾ ਕਰਵਾਉਣ ਵਿੱਚ ਮਦਦ ਕਰਨਾ ਚਾਹੁੰਦਾ ਹੈ ਜੋ ਈਰਾਨ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਵਕ ਚਲਾਉਣ ਦੀ ਆਗਿਆ ਦਿੰਦਾ ਹੈ ਤੇ ਨਾਲ ਹੀ ਇਜ਼ਰਾਈਲ ਦੀਆਂ ਸੁਰੱਖਿਆ ਚਿੰਤਾਵਾਂ ਦਾ ਵੀ ਧਿਆਨ ਰੱਖਦਾ ਹੈ। ਪੁਤਿਨ ਨੇ ਇਹ ਗੱਲ ਦੁਨੀਆ ਦੀਆਂ ਪ੍ਰਮੁੱਖ ਨਿਊਜ਼ ਏਜੰਸੀਆਂ ਦੇ ਸੰਪਾਦਕਾਂ ਨਾਲ ਗੱਲਬਾਤ ਵਿੱਚ ਕਹੀ। ਉਨ੍ਹਾਂ ਕਿਹਾ ਕਿ ਰੂਸ ਨੇ ਇਹ ਪ੍ਰਸਤਾਵ ਈਰਾਨ, ਇਜ਼ਰਾਈਲ ਤੇ ਅਮਰੀਕਾ ਨਾਲ ਵੀ ਸਾਂਝਾ ਕੀਤਾ ਹੈ।






















