ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਹਾਹਾਕਾਰ, ਦੇਸ਼ 'ਚ ਫਿਰ ਵਧਾਇਆ ਲੌਕਡਾਊਨ
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਸਰਕਾਰ ਵਧਦੇ ਇਨਫੈਕਸ਼ਨ ਦੇ ਮਾਮਲਿਆਂ ਦੇ ਚੱਲਦਿਆਂ ਲੌਕਡਾਊਨ ਪਾਬੰਦੀਆਂ ਨੂੰ ਸੌਖਾ ਬਣਾਉਣ 'ਤੇ ਵਿਚਾਰ ਨਹੀਂ ਕਰ ਸਕਦੀ।
ਲੰਡਨ: ਬ੍ਰਿਟੇਨ 'ਚ ਕੋਰੋਨਾ ਦਾ ਨਵਾਂ ਸਟ੍ਰੇਨ ਕੰਟਰੋਲ ਤੋਂ ਬਾਹਰ ਹੈ। ਬ੍ਰਿਟਿਸ਼ ਸਰਕਾਰ ਤਮਾਮ ਪਾਬੰਦੀਆਂ ਦੇ ਬਾਵਜੂਦ ਇਨਫੈਕਸ਼ਨ ਦੀ ਦਰ 'ਤੇ ਕੰਟਰੋਲ ਨਹੀਂ ਕਰ ਪਾ ਰਹੀ। ਇਸ ਦੇ ਮੱਦੇਨਜ਼ਰ ਹੁਣ ਬ੍ਰਿਟਿਸ਼ ਸਰਕਾਰ ਨੇ ਦੇਸ਼ਵਿਆਪੀ ਲੌਕਡਾਊਨ 17 ਜੁਲਾਈ ਤਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਜ਼ਿਆਦਾ ਖਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਘੱਟੋ ਘੱਟ 10 ਦਿਨਾਂ ਤਕ ਕੁਆਰੰਟੀਨ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟਿਸ਼ ਸਰਕਾਰ ਨੇ ਕੋਰੋਨਾ ਖਿਲਾਫ ਜੰਗ ਲਈ 17 ਜੁਲਾਈ ਤਕ ਲੌਕਡਾਊਨ ਕਾਨੂੰਨ ਅੱਗੇ ਵਧਾ ਦਿੱਤਾ ਹੈ। ਇਸ ਦੌਰਾਨ ਦੇਸ਼ 'ਚ ਪਬ, ਰੈਸਟੋਰੈਂਟ, ਦੁਕਾਨਾਂ ਤੇ ਜਨਤਕ ਸਥਾਨ ਬੰਦ ਰਹਿਣਗੇ। ਵਿਦੇਸ਼ੀ ਯਾਤਰੀਆਂ ਨੂੰ 10 ਦਿਨ ਲਈ ਹੋਟਲ 'ਚ ਕੁਆਰੰਟੀਨ ਰਹਿਣਾ ਪਵੇਗਾ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਸਰਕਾਰ ਵਧਦੇ ਇਨਫੈਕਸ਼ਨ ਦੇ ਮਾਮਲਿਆਂ ਦੇ ਚੱਲਦਿਆਂ ਲੌਕਡਾਊਨ ਪਾਬੰਦੀਆਂ ਨੂੰ ਸੌਖਾ ਬਣਾਉਣ 'ਤੇ ਵਿਚਾਰ ਨਹੀਂ ਕਰ ਸਕਦੀ। ਜਦੋਂ ਸਰਕਾਰ ਨੂੰ ਇਹ ਭਰੋਸਾ ਹੋ ਜਾਵੇਗਾ ਕਿ ਟੀਕਾਕਰਨ ਅਭਿਆਨ ਦਾ ਕੁਝ ਪੌਜ਼ੇਟਿਵ ਅਸਰ ਹੋ ਰਿਹਾ ਹੈ ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਇਨਫੈਕਸ਼ਨ ਨਾਲ ਬ੍ਰਿਟੇਨ 'ਚ ਕਰੀਬ ਇਕ ਲੱਖ ਮੌਤਾਂ
ਬ੍ਰਿਟੇਨ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਇਕ ਲੱਖ ਤੋਂ ਪਾਰ ਹੋਣ ਵਾਲਾ ਹੈ। ਇੱਥੇ ਹੁਣ ਤਕ 36 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 97, 329 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੀਤੇ ਦਿਨ ਬ੍ਰਿਟੇਨ 'ਚ 33, 552 ਲੋਕ ਕੋਵਿਡ-19 ਤੋਂ ਇਨਫੈਕਟਡ ਪਾਏ ਗਏ ਤੇ 1300 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੇ ਗਈ। ਹੁਣ ਤਕ 5.38 ਲੱਖ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਚੱਲਦਿਆਂ ਮੌਤਾਂ ਦੇ ਅੰਕੜਿਆਂ 'ਚ ਵਾਧਾ ਹੋਣ ਦੀ ਉਮੀਦ ਹੈ। ਹਾਲ ਹੀ 'ਚ ਉਨ੍ਹਾਂ ਕਿਹਾ ਸੀ, 'ਸਾਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲਣ ਦੇ ਨਾਲ ਹੀ ਮੌਤ ਦਰ ਵਧ ਸਕਦੀ ਹੈ। ਹਾਲਾਂਕਿ ਸਾਨੂੰ ਇਸ ਗੱਲ ਦੇ ਸਬੂਤ ਜ਼ਰੂਰ ਮਿਲੇ ਹਨ ਕਿ ਕੋਰੋਨਾ ਖਿਲਾਫ ਇਸਤੇਮਾਲ ਕੀਤੇ ਜਾ ਰਹੇ ਦੋਵੇਂ ਟੀਕੇ ਪ੍ਰਭਾਵੀ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ