ਪਾਕਿਸਤਾਨ ਦੇ ਜ਼ਖ਼ਮਾਂ 'ਤੇ ਟਰੰਪ ਨੇ ਭੁੱਕਿਆ ਲੂਣ
ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਤਕਰੀਬਨ 440 ਮਿਲੀਅਨ ਡਾਲਰ (ਕਰੀਬ 3100 ਕਰੋੜ ਰੁਪਏ) ਦੀ ਵਿੱਤੀ ਸਹਾਇਤਾ ਵਿੱਚ ਕਟੌਤੀ ਕਰ ਦਿੱਤੀ ਹੈ।
ਵਾਸ਼ਿੰਗਟਨ: ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਮੁੱਦੇ 'ਤੇ ਪਾਕਿਸਤਾਨ ਨੂੰ ਇੱਕ ਪਾਸੇ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵੱਡਾ ਝਟਕਾ ਲੱਗਿਆ ਹੈ ਤੇ ਦੂਜੇ ਪਾਸੇ ਪੈਸੇ ਦੀ ਘਾਟ ਨਾਲ ਜੂਝ ਰਹੇ ਮੁਲਕ ਨੂੰ ਅਮਰੀਕਾ ਨੇ ਵੀ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਤਕਰੀਬਨ 440 ਮਿਲੀਅਨ ਡਾਲਰ (ਕਰੀਬ 3100 ਕਰੋੜ ਰੁਪਏ) ਦੀ ਵਿੱਤੀ ਸਹਾਇਤਾ ਵਿੱਚ ਕਟੌਤੀ ਕਰ ਦਿੱਤੀ ਹੈ।
ਅਮਰੀਕਾ ਪਾਕਿਸਤਾਨ ਨੂੰ, ਪਾਕਿਸਤਾਨ ਇਨਹੈਂਸ ਪਾਰਟਨਰਸ਼ਿਪ ਐਗਰੀਮੈਂਟ (PEPA) 2010 ਦੇ ਤਹਿਤ ਇਹ ਵਿੱਤੀ ਸਹਾਇਤਾ ਦਿੰਦਾ ਸੀ। ਰਿਪੋਰਟ ਮੁਤਾਬਕ ਕੈਰੀ ਲੂਗਰ ਬਰਮਨ ਐਕਟ ਨੂੰ ਬਰਕਰਾਰ ਰੱਖਣ ਲਈ ਸਤੰਬਰ 2010 ਵਿੱਚ PEPA 'ਤੇ ਦਸਤਖ਼ਤ ਕੀਤੇ ਗਏ ਸੀ। ਅਮਰੀਕੀ ਸੰਸਦ ਨੇ ਅਕਤੂਬਰ 2009 ਵਿੱਚ ਕੇਰੀ ਲੂਗਰ ਬਰਮਨ ਐਕਟ ਪਾਸ ਕੀਤਾ ਸੀ।
ਇਸ ਐਕਟ ਤਹਿਤ ਅਮਰੀਕਾ ਵੱਲੋਂ ਪੰਜ ਸਾਲਾਂ ਵਿੱਚ ਪਾਕਿਸਤਾਨ ਨੂੰ 7.5 ਅਰਬ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ। ਅਮਰੀਕਾ ਦੇ ਪਾਕਿਸਤਾਨ ਨੂੰ ਝਟਕੇ ਤੋਂ ਪਹਿਲਾਂ 4.5 ਅਰਬ ਡਾਲਰ ਦੀ ਸਹਾਇਤਾ ਦਿੱਤੀ ਜਾਣੀ ਸੀ, ਜੋ ਹੁਣ ਘਟ ਕੇ 4.1 ਅਰਬ ਡਾਲਰ 'ਤੇ ਆ ਗਈ ਹੈ।
ਪਿਛਲੇ ਸਾਲ ਸਤੰਬਰ ਵਿੱਚ ਅਮਰੀਕਾ ਦੀ ਫੌਜ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 300 ਮਿਲੀਅਨ ਡਾਲਰ ਦੀ ਸਹਾਇਤਾ ਵਿੱਚ ਕਟੌਤੀ ਕੀਤੀ ਸੀ। ਇਸਦੇ ਪਿੱਛੇ ਦਿੱਤਾ ਗਿਆ ਕਾਰਨ ਇਹ ਸੀ ਕਿ ਪਾਕਿਸਤਾਨ ਨੇ ਅੱਤਵਾਦੀਆਂ ਖਿਲਾਫ ਕਾਰਵਾਈ ਨਹੀਂ ਕੀਤੀ।