'ਐਨੀਆਂ ਜ਼ਿਆਦਾ ਲਾਸ਼ਾ ਦੇਖ ਲਈਆਂ ਕਿ ਹੁਣ ਮੌਤ ਵੀ ਨਹੀਂ ਡਰਾਉਂਦੀ', ਕੌਣ ਹੈ ਪਾਕਿਸਤਾਨ ਸਰਕਾਰ ਦੀ ਨੱਕ 'ਚ ਦਮ ਕਰਨ ਵਾਲੀ Mahrang Baloch ?
ਮਹਿਰੰਗ ਦਾ ਕਹਿਣਾ ਹੈ ਕਿ ਪਹਿਲਾਂ ਮੈਂ ਮੌਤ ਤੋਂ ਡਰਦੀ ਸੀ ਪਰ 2011 ਵਿੱਚ ਪਹਿਲੀ ਵਾਰ ਮੈਨੂੰ ਆਪਣੇ ਪਿਤਾ ਦੀ ਵਿਗੜ ਚੁੱਕੀ ਲਾਸ਼ ਦੀ ਪਛਾਣ ਕਰਨੀ ਪਈ। ਪਿਛਲੇ 15 ਸਾਲਾਂ ਵਿੱਚ ਆਪਣੇ ਲੋਕਾਂ ਦੀਆਂ ਦਰਜਨਾਂ ਲਾਸ਼ਾਂ ਦੇਖੀਆਂ ਹਨ। ਹੁਣ ਮੈਂ ਮੌਤ ਤੋਂ ਵੀ ਨਹੀਂ ਡਰਦੀ।
Mahrang Baloch: ਬਲੋਚਿਸਤਾਨ 'ਚ 1948 ਤੋਂ ਪਾਕਿਸਤਾਨ ਸਰਕਾਰ ਖ਼ਿਲਾਫ਼ ਸ਼ੁਰੂ ਹੋਇਆ ਵਿਰੋਧ ਇਨ੍ਹੀਂ ਦਿਨੀਂ ਸਿਖ਼ਰ 'ਤੇ ਹੈ। ਬਲੋਚਿਸਤਾਨ ਲਿਬਰੇਸ਼ਨ ਫੋਰਸ (B.L.A) ਪੂਰੀ ਤਾਕਤ ਨਾਲ ਪਾਕਿਸਤਾਨੀ ਫ਼ੌਜ (Pakistan Army) ਨੂੰ ਨਿਸ਼ਾਨਾ ਬਣਾ ਰਹੀ ਹੈ। ਇੱਕ ਪਾਸੇ ਜਿੱਥੇ ਬੀਐੱਲਏ ਦੇ ਹਮਲਿਆਂ ਨੇ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ 31 ਸਾਲਾ ਬਲੋਚੀ ਮਹਿਲਾ ਮਹਿਰੰਗ ਬਲੋਚ(Mahrang Baloch) ਨੇ ਵੀ ਤਕੜੀ ਟੱਕਰ ਦਿੱਤੀ ਹੈ। ਮਹਿਰੰਗ ਬਲੋਚ ਅਹਿੰਸਾ ਨਾਲ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਵਿਸ਼ਵਾਸ ਰੱਖਦੀ ਹੈ।
2006 ਤੋਂ ਮਹਿਰੰਗ ਬਲੋਚਿਸਤਾਨ ਵਿੱਚ ਲੋਕਾਂ ਦੇ ਅਗਵਾ ਹੋਣ ਦਾ ਵਿਰੋਧ ਕਰ ਰਹੀ ਹੈ। ਮਹਿਰੰਗ ਦੇ ਭਰਾ ਨੂੰ 2017 ਵਿੱਚ ਅਗਵਾ ਕਰ ਲਿਆ ਗਿਆ ਸੀ। ਇਸ ਘਟਨਾ ਨੇ ਮਹਿਰੰਗ ਦੀ ਜ਼ਿੰਦਗੀ ਬਦਲ ਦਿੱਤੀ। ਉਸ ਨੇ ਸਰਕਾਰ ਵਿਰੁੱਧ ਮੁਹਿੰਮ ਵਿੱਢੀ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਭਰਾ 2018 ਵਿੱਚ ਵਾਪਸ ਆ ਗਿਆ ਸੀ ਫਿਰ ਉਸਨੇ 2019 ਵਿੱਚ ਬਲੋਚ ਯਕਜੇਹਤੀ ਕਮੇਟੀ (BYC) ਦੀ ਸਥਾਪਨਾ ਕੀਤੀ। ਇਸ ਤਹਿਤ ਲਾਪਤਾ ਲੋਕਾਂ ਦੇ ਹੱਕ ਵਿੱਚ ਅੰਦੋਲਨ ਸ਼ੁਰੂ ਕੀਤਾ ਗਿਆ। ਧਮਕੀਆਂ ਮਿਲਣ ਦੇ ਬਾਵਜੂਦ ਮਹਿਰੰਗ ਕਦੇ ਪਿੱਛੇ ਨਹੀਂ ਹਟੀ।
ਮਹਿਰੰਗ ਦਾ ਕਹਿਣਾ ਹੈ ਕਿ ਪਹਿਲਾਂ ਮੈਂ ਮੌਤ ਤੋਂ ਡਰਦੀ ਸੀ ਪਰ 2011 ਵਿੱਚ ਪਹਿਲੀ ਵਾਰ ਮੈਨੂੰ ਆਪਣੇ ਪਿਤਾ ਦੀ ਵਿਗੜ ਚੁੱਕੀ ਲਾਸ਼ ਦੀ ਪਛਾਣ ਕਰਨੀ ਪਈ। ਪਿਛਲੇ 15 ਸਾਲਾਂ ਵਿੱਚ ਆਪਣੇ ਲੋਕਾਂ ਦੀਆਂ ਦਰਜਨਾਂ ਲਾਸ਼ਾਂ ਦੇਖੀਆਂ ਹਨ। ਹੁਣ ਮੈਂ ਮੌਤ ਤੋਂ ਵੀ ਨਹੀਂ ਡਰਦੀ। ਮਹਿਰੰਗ ਬਲੋਚ ਪੇਸ਼ੇ ਤੋਂ ਡਾਕਟਰ ਹੈ। ਉਨ੍ਹਾਂ ਦੇ ਪਿਤਾ ਵੀ ਸਮਾਜ ਸੇਵੀ ਸਨ। ਉਸ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕੀਤਾ ਗਿਆ ਸੀ। ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਹਾਂ। ਮੈਂ ਜਾਤ, ਧਰਮ ਤੇ ਨਸਲ ਵਿਰੁੱਧ ਹਿੰਸਾ ਦੀ ਸਖ਼ਤ ਨਿੰਦਾ ਕਰਦੀ ਹਾਂ। ਮੈਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਵਿੱਚ ਵਿਸ਼ਵਾਸ ਰੱਖਦੀ ਹਾਂ।
ਰੂੜੀਵਾਦੀ ਬਲੋਚਿਸਤਾਨ ਵਿੱਚ ਮਹਿਲਾ ਸਮਾਜ ਸੇਵੀ ਮਹਿਰੰਗ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਉਸ ਦੀਆਂ ਗੱਲਾਂ ਦਾ ਲੋਕਾਂ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਮਹਿਰੰਗ ਦੀਆਂ ਰੈਲੀਆਂ ਨੇ ਪਾਕਿਸਤਾਨ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਸਰਕਾਰ ਲੋਕਾਂ ਨੂੰ ਉਸ ਦੀਆਂ ਰੈਲੀਆਂ ਵਿੱਚ ਜਾਣ ਤੋਂ ਜ਼ਬਰਦਸਤੀ ਰੋਕ ਰਹੀ ਹੈ। ਇੱਥੋਂ ਤੱਕ ਕਿ ਇੰਟਰਨੈੱਟ ਵੀ ਬੰਦ ਕਰਨਾ ਪਿਆ। ਪਾਕਿਸਤਾਨ ਦੀ ਫ਼ੌਜ ਤੇ ਅਰਧ ਸੈਨਿਕ ਬਲਾਂ ਦੁਆਰਾ ਤਸ਼ੱਦਦ ਤੇ ਕਤਲ ਨੇ ਇੱਕ ਸਧਾਰਨ ਕੁੜੀ ਨੂੰ ਬਲੋਚਿਸਤਾਨ ਵਿੱਚ ਅੰਦੋਲਨ ਦਾ ਸਭ ਤੋਂ ਵੱਡਾ ਚਿਹਰਾ ਬਣਾ ਦਿੱਤਾ।
ਪਿਛਲੇ ਮਹੀਨੇ ਮਹਿਰੰਗ ਦੇ ਸੰਗਠਨ ਬੀਵਾਈਸੀ ਨੇ ਬਲੋਚਿਸਤਾਨ ਦੇ ਅਰਬ ਸਾਗਰ ਤੱਟ 'ਤੇ ਗਵਾਦਰ 'ਚ ਬਲੋਚ ਲੋਕਾਂ ਦੇ ਇੱਕ ਰਾਸ਼ਟਰੀ ਇਕੱਠ ਨੂੰ ਜ਼ੁਲਮ ਦੇ ਖ਼ਿਲਾਫ਼ ਆਯੋਜਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੁਰੱਖਿਆ ਬਲਾਂ ਨੇ ਲੋਕਾਂ ਨੂੰ ਵਾਪਸ ਮੋੜ ਦਿੱਤਾ। ਸੜਕਾਂ ਬੰਦ ਕਰ ਦਿੱਤੀਆਂ। ਮਹਾਰੰਗ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਕਰੀਬ ਦੋ ਲੱਖ ਲੋਕ ਮੌਜੂਦ ਸਨ।