Israel Palestine Conflict: ਰਾਸ਼ਟਰੀ ਸੁਰੱਖਿਆ ਮੰਤਰੀ ਨੇ ਪੂਰੇ ਇਜ਼ਰਾਈਲ 'ਚ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ, 22 ਦੀ ਮੌਤ, ਸੈਂਕੜੇ ਜ਼ਖਮੀ
Israel Palestine Conflict: ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਇਜ਼ਰਾਈਲ ਵਿੱਚ ਸ਼ਨੀਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
Israel Palestine Conflict: ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਸ਼ਨੀਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਹਮਾਸ ਅਤੇ ਇਸਲਾਮਿਕ ਜਿਹਾਦ ਨੇ ਘੱਟੋ-ਘੱਟ 22 ਇਜ਼ਰਾਈਲੀ ਮਾਰੇ, 500 ਤੋਂ ਵੱਧ ਲੋਕ ਜ਼ਖਮੀ ਕੀਤੇ ਅਤੇ ਕੁਝ ਨਾਗਰਿਕਾਂ ਨੂੰ ਬੰਧਕ ਬਣਾ ਲਿਆ। ਇਸ ਹਮਲੇ ਵਿੱਚ ਗਾਜ਼ਾ ਤੋਂ ਇਜ਼ਰਾਈਲ ਵਿੱਚ ਘੁਸਪੈਠ ਕੀਤੀ ਗਈ ਅਤੇ ਦੇਸ਼ ਦੇ ਦੱਖਣੀ ਅਤੇ ਕੇਂਦਰੀ ਖੇਤਰਾਂ ਵਿੱਚ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਇੱਕ ਵਿਸ਼ਾਲ ਰਾਕੇਟ ਬੈਰਾਜ ਲਾਂਚ ਕੀਤਾ ਹੈ।
ਭਾਰਤ ਨੇ ਵੀ ਜਾਰੀ ਕੀਤੀ ਐਡਵਾਇਜ਼ਰੀ
ਭਾਰਤ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਟਕਰਾਅ ਤੋਂ ਬਾਅਦ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਜ਼ਰਾਈਲ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਇਜ਼ਰਾਈਲ ਨੂੰ ਸਥਾਨਕ ਅਧਿਕਾਰੀਆਂ ਦੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਗਤੀਵਿਧੀਆਂ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ।
ਇਜ਼ਰਾਈਲੀ ਲੋਕਾਂ ਨੂੰ ਘਰ ਵਿੱਚ ਰਹਿਣ ਦਾ ਦਿੱਤਾ ਆਦੇਸ਼
ਸੀਐਨਐਨ ਦੀ ਰਿਪੋਰਟ ਮੁਤਾਬਕ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਕਈ ਹਿੱਸਿਆਂ ਵਿੱਚ ਸਾਇਰਨ ਵੱਜੇ। ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਤੇਲ ਅਵੀਵ ਵਿੱਚ ਰੱਖਿਆ ਬਲਾਂ ਦੇ ਹੈੱਡਕੁਆਰਟਰ ਵਿੱਚ ਸੁਰੱਖਿਆ ਦਾ ਮੁਲਾਂਕਣ ਕਰ ਰਹੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ ਫਿਲਹਾਲ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ।
ਇਸ ਤੋਂ ਪਹਿਲਾਂ, ਹਮਾਸ ਨੇ ਕਿਹਾ ਕਿ ਇਜ਼ਰਾਈਲ 'ਤੇ 5,000 ਤੋਂ ਵੱਧ ਰਾਕੇਟ ਦਾਗੇ ਗਏ ਸਨ, ਕਿਉਂਕਿ ਇਸ ਨੇ ਐਲਾਨ ਕੀਤਾ ਸੀ ਕਿ ਉਸ ਨੇ ਇਜ਼ਰਾਈਲੀ ਕਬਜ਼ੇ ਦੇ ਖਿਲਾਫ "ਅਪਰੇਸ਼ਨ ਅਲ-ਅਕਸਾ ਫਲੱਡ" ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਸਥਿਤੀ ਨੂੰ ਦੇਖਦੇ ਹੋਏ ਇਜ਼ਰਾਈਲ ਦੀ ਫੌਜ ਨੇ ਵੀ ਜੰਗ ਲਈ ਤਿਆਰ ਹੋਣ ਦੀ ਗੱਲ ਕਹੀ ਹੈ। ਫੌਜ ਨੇ ਆਪਣੇ ਜਵਾਨਾਂ ਲਈ 'ਰੇਡੀਨੇਸ ਫਾਰ ਵਾਰ' ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਗਾਜ਼ਾ ਵਿੱਚ ਸਿੱਖਿਆ ਮੰਤਰਾਲੇ ਨੇ ਅੱਜ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।