ਮਹਿੰਗਾਈ ਦੀ ਹੱਦ: ਕੇਲੇ 3300 ਰੁਪਏ ਪ੍ਰਤੀ ਕਿਲੋ, ਚਾਹ ਦਾ ਛੋਟਾ ਪੈਕੇਟ 5,100 ਰੁਪਏ ਤੇ ਕੌਫ਼ੀ 7,400 ਰੁਪਏ ਤੱਕ ਪਹੁੰਚੀ
ਅਨਾਜ ਸੰਕਟ ਦੇ ਮੁੱਦੇ ਉੱਤੇ ਕਿਮ ਜੋਂਗ ਉਨ ਨੇ ਪਾਰਟੀ ਵਰਕਰਾਂ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ ਤੇ ਇਸ ਸਮੱਸਿਆ ਦਾ ਛੇਤੀ ਕੋਈ ਹੱਲ ਲੱਭਣ ਲਈ ਕਿਹਾ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਉੱਤਰੀ ਕੋਰੀਆ ਇਸ ਵੇਲੇ ਬਹੁਤ ਵੱਡੇ ਅਤੇ ਗੰਭੀਰ ਕਿਸਮ ਦੇ ਭੋਜਨ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸੇ ਲਈ ਇਸ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਸੱਤਵੇਂ ਅਸਮਾਨ ਤੋਂ ਵੀ ਅਗਾਂਹ ਪੁੱਜਦੀਆਂ ਜਾ ਰਹੀਆਂ ਹਨ। ਹੁਣ ਤੱਕ ਉੱਤਰੀ ਕੋਰੀਆ ਦੇ ਆਪਣੇ-ਆਪ ਨੂੰ ਸੁਪਰੀਮ ਲੀਡਰ ਅਖਵਾਉਣ ਵਾਲੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਵੀ ਇਸ ਬਾਰੇ ਬਿਆਨ ਆ ਗਿਆ ਹੈ ਕਿ ਦੇਸ਼ ਵਿੱਚ ਅਨਾਜ ਦੀ ਹਾਲਤ ਕਾਫ਼ੀ ਤਣਾਅਪੂਰਨ ਹੈ ਕਿਉਂਕਿ ਅਨਾਜ ਉਤਪਾਦਨ ਦੇਸ਼ ਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਰਿਹਾ ਹੈ। ਕਿਮ ਜੋਂਗ ਨੇ ਇਸ ਅਨਾਜ ਸੰਕਟ ਲਈ ਪਿਛਲੇ ਸਾਲ ਆਏ ਭਿਆਨਕ ਤੂਫ਼ਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਕੋਰੀਆ ’ਚ ਇਸ ਵੇਲੇ ਕੇਲੇ 45 ਡਾਲਰ ਭਾਵ 3,335 ਰੁਪਏ ਪ੍ਰਤੀ ਦਰਜਨ ਵਿਕ ਰਹੇ ਹਨ। ਇੰਝ ਹੀ ਚਾਹ ਦਾ ਛੋਟਾ ਪੈਕੇਟ 70 ਡਾਲਰ ਭਾਵ 5,190 ਰੁਪਏ ਦਾ ਅਤੇ ਕੌਫ਼ੀ ਦਾ ਪੈਕੇਟ 100 ਡਾਲਰ ਭਾਵ 414 ਰੁਪਏ ਦਾ ਵਿਕ ਰਿਹਾ ਹੈ।
ਅਨਾਜ ਸੰਕਟ ਦੇ ਮੁੱਦੇ ਉੱਤੇ ਕਿਮ ਜੋਂਗ ਉਨ ਨੇ ਪਾਰਟੀ ਵਰਕਰਾਂ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ ਤੇ ਇਸ ਸਮੱਸਿਆ ਦਾ ਛੇਤੀ ਕੋਈ ਹੱਲ ਲੱਭਣ ਲਈ ਕਿਹਾ। ਹਾਲੇ ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ ਆਖ਼ਰ ਉੱਤਰੀ ਕੋਰੀਆ ਇਸ ਹਾਲਤ ਨਾਲ ਕਿਵੇਂ ਨਿਪਟੇਗਾ ਕਿਉਂਕਿ ਕੋਵਿਡ-19 ਦੀਆਂ ਸਖ਼ਤ ਪਾਬੰਦੀਆਂ ਕਾਰਣ ਦੇਸ਼ ਦੇ ਸਾਰੇ ਬਾਰਡਰ ਸੀਲ ਪਏ ਹਨ।
ਸੰਯੁਕਤ ਰਾਸ਼ਟਰ ਦੇ ਖ਼ੁਰਾਕ ਤੇ ਖੇਤੀਬਾੜੀ ਸੰਗਠਨ ਅਨੁਸਾਰ ਉੱਤਰੀ ਕੋਰੀਆ ਨੂੰ 8.60 ਲਖ ਟਨ ਅਨਾਜ ਦੀ ਤੁਰੰਤ ਜ਼ਰੂਰਤ ਹੈ। ਉੱਤਰੀ ਕੋਰੀਆ ਨੇ ਅਧਿਕਾਰਤ ਤੌਰ ਉੱਤੇ ਕਦੇ ਇਹ ਜ਼ਾਹਿਰ ਨਹੀਂ ਕੀਤਾ ਕਿ ਉਸ ਦੀ ਧਰਤੀ ਉੱਤੇ ਕੋਵਿਡ-19 ਦੇ ਕਿੰਨੇ ਮਰੀਜ਼ ਹਨ।
ਫ਼ਿਲਹਾਲ ਉੱਤਰੀ ਕੋਰੀਆ ’ਚ ਕਿਸੇ ਵਿਦੇਸ਼ੀ ਜਾਣ ’ਤੇ ਤਾਂ ਪਾਬੰਦੀ ਹੈ ਹੀ, ਦੇਸ਼ ਅੰਦਰ ਵੀ ਇੱਕ ਤੋਂ ਦੂਜੇ ਸ਼ਹਿਰ ਜਾਣ ਦੀ ਸਖ਼ਤ ਮਨਾਹੀ ਹੈ। ਆਮ ਹਾਲਾਤ ਵਿੱਚ ਉੱਤਰੀ ਕੋਰੀਆ ਨੂੰ ਕਿਸੇ ਵੀ ਸੰਕਟ ਸਮੇਂ ਚੀਨ ਤੋਂ ਹੀ ਮਦਦ ਲੈਣੀ ਪੈਂਦੀ ਹੈ।