Immigration Rules: ਹੁਣ ਵਿਦੇਸ਼ਾਂ ਵਿੱਚ ਸੈਟਲ ਹੋਣਾ ਔਖਾ, ਅਮਰੀਕਾ ਮਗਰੋਂ ਯੂਕੇ ਦਾ ਵੱਡਾ ਐਕਸ਼ਨ
UK Government to Tighten Immigration Rules: ਹੁਣ ਵਿਦੇਸ਼ਾਂ ਵਿੱਚ ਸੈਟਲ ਹੋਣਾ ਔਖਾ ਹੋਏਗਾ। ਅਮਰੀਕਾ ਤੋਂ ਬਾਅਦ ਯੂਕੇ ਨੇ ਵੀ ਇਮੀਗ੍ਰੇਸ਼ਨ ਨਿਯਮ ਸਖਤ ਕਰਨੇ ਸ਼ੁਰੂ ਕਰ ਦਿੱਤੇ ਹਨ। ਬ੍ਰਿਟੇਨ ਦੇ ਪੀਐਮ ਕੀਰ ਸਟਾਰਮਰ...

UK Government to Tighten Immigration Rules: ਹੁਣ ਵਿਦੇਸ਼ਾਂ ਵਿੱਚ ਸੈਟਲ ਹੋਣਾ ਔਖਾ ਹੋਏਗਾ। ਅਮਰੀਕਾ ਤੋਂ ਬਾਅਦ ਯੂਕੇ ਨੇ ਵੀ ਇਮੀਗ੍ਰੇਸ਼ਨ ਨਿਯਮ ਸਖਤ ਕਰਨੇ ਸ਼ੁਰੂ ਕਰ ਦਿੱਤੇ ਹਨ। ਬ੍ਰਿਟੇਨ ਦੇ ਪੀਐਮ ਕੀਰ ਸਟਾਰਮਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਸਖ਼ਤ ਬਣਾਉਣ ਜਾ ਰਹੇ ਹਨ। ਇਹ ਨਵਾਂ ਨਿਯਮ ਗੈਰ-ਕਾਨੂੰਨੀ ਤੇ ਘੱਟ ਹੁਨਰਮੰਦ ਕਾਮਿਆਂ ਦੇ ਵੀਜ਼ਿਆਂ ਵਿੱਚ ਕਟੌਤੀ ਕਰੇਗਾ। ਇਸ ਦਾ ਵੱਡਾ ਅਸਰ ਪੰਜਾਬੀਆਂ ਉਪਰ ਵੀ ਪਵੇਗਾ ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਗੈਰ-ਹੁਨਰਮੰਦ ਕਾਮੇ ਯੂਕੇ ਜਾਂਦੇ ਹਨ।
ਦਰਅਸਲ ਵਧਦੇ ਜਨਤਕ ਗੁੱਸੇ ਤੇ ਰਿਫਾਰਮ ਪਾਰਟੀ ਦੇ ਉਭਾਰ ਕਰਕੇ ਸਰਕਾਰ ਮਾਈਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਸੋਮਵਾਰ ਨੂੰ ਦੇਸ਼ ਵਿੱਚ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਦੀ ਯੋਜਨਾ ਪੇਸ਼ ਕਰਨ ਜਾ ਰਹੇ ਹਨ। ਇਹ ਮੁੱਦਾ ਲੰਬੇ ਸਮੇਂ ਤੋਂ ਬ੍ਰਿਟਿਸ਼ ਸਰਕਾਰਾਂ ਲਈ ਇੱਕ ਚੁਣੌਤੀ ਰਿਹਾ ਹੈ। ਦੇਸ਼ ਵਿੱਚ ਪਰਵਾਸ ਨਿਯਮਾਂ ਨੂੰ ਸਖਤ ਕਰਨ ਦੀ ਮੰਗ ਉੱਠ ਰਹੀ ਹੈ। ਸਿਆਸੀ ਪਾਰਟੀਆਂ ਵੀ ਇਸ ਨੂੰ ਅਹਿਮ ਮੁੱਦਾ ਬਣਾ ਰਹੀਆਂ ਹਨ।
ਦੱਸ ਦਈਏ ਕਿ ਸਟਾਰਮਰ ਦੀ ਲੇਬਰ ਪਾਰਟੀ ਨੇ ਪਿਛਲੇ ਸਾਲ ਵੱਡੀ ਜਿੱਤ ਹਾਸਲ ਕੀਤੀ ਸੀ, ਪਰ ਹੁਣ ਸਰਕਾਰ 'ਤੇ ਦਬਾਅ ਵਧ ਰਿਹਾ ਹੈ ਕਿਉਂਕਿ ਲੋਕ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਜਨਤਕ ਸੇਵਾਵਾਂ 'ਤੇ ਬੋਝ ਵਧਿਆ ਹੈ ਤੇ ਕੁਝ ਖੇਤਰਾਂ ਵਿੱਚ ਫਿਰਕੂ ਤਣਾਅ ਵੀ ਦੇਖਿਆ ਗਿਆ ਹੈ। ਇਸ ਮਾਮਲੇ ਵਿੱਚ ਸਟਾਰਮਰ ਨੇ ਕਿਹਾ ਹੈ ਕਿ ਕੰਮ, ਪਰਿਵਾਰ ਤੇ ਪੜ੍ਹਾਈ ਦੇ ਹਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਸਖ਼ਤੀ ਲਿਆਂਦੀ ਜਾਵੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਤੇ ਇਮੀਗ੍ਰੇਸ਼ਨ ਦੀ ਗਿਣਤੀ ਘਟੇਗੀ। ਉਨ੍ਹਾਂ ਕਿਹਾ ਕਿ ਅਸੀਂ ਇੱਕ ਨਿਯੰਤਰਿਤ, ਚੋਣਵੀਂ ਤੇ ਨਿਰਪੱਖ ਪ੍ਰਣਾਲੀ ਬਣਾਵਾਂਗੇ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਸਰਕਾਰ ਹੁਣ ਕੋਈ ਨਵਾਂ ਇਮੀਗ੍ਰੇਸ਼ਨ ਟੀਚਾ ਨਿਰਧਾਰਤ ਨਹੀਂ ਕਰੇਗੀ ਕਿਉਂਕਿ ਪੁਰਾਣੇ ਟੀਚਿਆਂ ਦਾ ਵਿਸ਼ਵਾਸ ਖਤਮ ਹੋ ਗਿਆ ਹੈ। ਇਸ ਦੀ ਬਜਾਏ ਸਰਕਾਰ ਘੱਟ ਹੁਨਰਮੰਦ ਕਾਮਿਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਘਟਾ ਦੇਵੇਗੀ। ਉਨ੍ਹਾਂ ਕਿਹਾ ਕਿ 2025 ਵਿੱਚ ਅਜਿਹੇ ਵੀਜ਼ਿਆਂ ਵਿੱਚ 50,000 ਦੀ ਕਮੀ ਆਵੇਗੀ।
ਦੱਸ ਦਈਏ ਕਿ ਯੂਰਪੀਅਨ ਯੂਨੀਅਨ ਦਾ 2004 ਵਿੱਚ ਵਿਸਥਾਰ ਹੋਇਆ ਤੇ ਬ੍ਰਿਟੇਨ ਨੇ ਤੁਰੰਤ ਨਵੇਂ ਮੈਂਬਰ ਦੇਸ਼ਾਂ ਦੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ। ਉਦੋਂ ਤੋਂ ਲੱਖਾਂ ਪ੍ਰਵਾਸੀ ਬ੍ਰਿਟੇਨ ਆਏ ਹਨ। 2016 ਦੇ ਬ੍ਰੈਕਜ਼ਿਟ ਵੋਟ ਦੇ ਪਿੱਛੇ ਇਮੀਗ੍ਰੇਸ਼ਨ ਵੀ ਇੱਕ ਵੱਡਾ ਮੁੱਦਾ ਸੀ, ਪਰ ਬ੍ਰੈਕਜ਼ਿਟ ਤੋਂ ਬਾਅਦ ਵੀ ਵੀਜ਼ਾ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੋਈ। ਜੇਕਰ ਅਸੀਂ ਮੌਜੂਦਾ ਸਥਿਤੀ ਬਾਰੇ ਗੱਲ ਕਰੀਏ ਤਾਂ ਜੂਨ 2024 ਤੱਕ ਸਾਲਾਨਾ ਸ਼ੁੱਧ ਇਮੀਗ੍ਰੇਸ਼ਨ (ਜਾਣ ਵਾਲਿਆਂ ਨੂੰ ਘਟਾ ਕੇ) 7,28,000 ਸੀ। ਇਹ ਅੰਕੜਾ ਪਿਛਲੇ ਸਾਲ ਨਾਲੋਂ 20% ਘੱਟ ਹੈ, ਪਰ ਫਿਰ ਵੀ 2010 ਵਿੱਚ ਨਿਰਧਾਰਤ 1 ਲੱਖ ਦੇ ਟੀਚੇ ਨਾਲੋਂ ਸੱਤ ਗੁਣਾ ਵੱਧ ਹੈ। ਪਿਛਲੇ ਸਾਲ 37,000 ਲੋਕ ਛੋਟੀਆਂ ਕਿਸ਼ਤੀਆਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















