ਹੁਣ ਚੜ੍ਹਨਗੇ ਅਫ਼ੀਮ ਦੇ ਰੇਟ! ਤਾਲਿਬਾਨ ਨੇ ਕੀਤੀ ਅਫੀਮ ਦੀ ਖੇਤੀ ਬੈਨ
ਹੁਣ ਅਫ਼ਗ਼ਾਨਿਸਤਾਨ ’ਚ ਅਫ਼ੀਮ (Opium) ਦੀ ਖੇਤੀ ਉੱਤੇ ਰੋਕ ਲਾ ਦਿੱਤੀ ਗਈ ਹੈ।ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਕਈ ਪਿੰਡਾਂ ’ਚ ਇਹ ਫ਼ਰਮਾਨ ਕਿਸਾਨਾਂ ਨੂੰ ਸੁਣਾ ਦਿੱਤਾ ਹੈ
ਨਵੀਂ ਦਿੱਲੀ: ਅਫ਼ਗ਼ਾਨਿਸਤਾਨ (Afghanistan) ਤੋਂ ਵਿਦੇਸ਼ੀ ਫੌਜਾਂ ਦੀ ਵਾਪਸੀ ਜਾਰੀ ਹੈ। ਇਸ ਦੌਰਾਨ ਹੁਣ ਤਾਲਿਬਾਨ (Taliban) ਆਪਣੀ ਸਰਕਾਰ ਬਣਾਉਣ ਦੀਆਂ ਤਿਆਰੀਆਂ ’ਚ ਹੈ। ਤਾਲਿਬਾਨ ਆਪਣੇ ਰਾਜ ’ਚ ਹੁਣ ਕਈ ਤਰ੍ਹਾਂ ਦੀਆਂ ਤਬਦੀਲੀਆਂ ਲਿਆ ਰਿਹਾ ਹੈ ਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿੱਚ ਇੱਕ ਅਹਿਮ ਤਬਦੀਲੀ ਹੈ ਕਿ ਹੁਣ ਅਫ਼ਗ਼ਾਨਿਸਤਾਨ ’ਚ ਅਫ਼ੀਮ (Opium) ਦੀ ਖੇਤੀ ਉੱਤੇ ਰੋਕ ਲਾ ਦਿੱਤੀ ਗਈ ਹੈ।
ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਕਈ ਪਿੰਡਾਂ ’ਚ ਇਹ ਫ਼ਰਮਾਨ ਕਿਸਾਨਾਂ ਨੂੰ ਸੁਣਾ ਦਿੱਤਾ ਹੈ ਕਿ ਹੁਣ ਉਹ ਅਫ਼ੀਮ ਦੀ ਖੇਤੀ ਨਾ ਕਰਨ ਕਿਉਂ ਇਸ ਨੂੰ ਦੇਸ਼ ’ਚ ਬੈਨ ਕੀਤਾਜਾ ਰਿਹਾ ਹੈ। ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਅਨੁਸਾਰ ਕੰਧਾਰ ਤੇ ਆਲੇ-ਦੁਆਲੇ ਦੇ ਇਲਾਕੇ ’ਚ ਸਭ ਤੋਂ ਵੱਧ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਹੈ। ਇੱਥੇ ਹੁਣ ਕਿਸਾਨਾਂ ਨੂੰ ਇਸ ਨੂੰ ਰੋਕਣ ਲਈ ਆਖ ਦਿੱਤਾ ਗਿਆ ਹੈ।
ਤਾਲਿਬਾਨ ਦੇ ਇਸ ਫ਼ਰਮਾਨ ਦਾ ਅਸਰ ਦਿਸਣਾ ਸ਼ੁਰੂ ਵੀ ਹੋ ਗਿਆ ਹੈ। ਅਫ਼ਗ਼ਾਨਿਸਤਾਨ ਦੇ ਬਾਜ਼ਾਰ ਵਵਿੱਚ ਅਫ਼ੀਮ ਦਾ ਰੇਟ ਵਧ ਗਿਆ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅੱਗੇ ਅਫ਼ੀਮ ਦਾ ਭਵਿੱਖ ਕੋਈ ਯਕੀਨੀ ਨਹ਼ ਹੈ। ਦੱਸ ਦੇਈਏ ਕਿ ਤਾਲਿਬਾਨ ਦੇ ਤਰਜਮਾਨ ਜਬੀਉੱਲ੍ਹਾ ਮੁਜਾਹਿਦ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਕਿ ਤਾਲਿਬਾਨ ਦੇ ਰਾਜ ਵਿੱਚ ਡ੍ਰੱਗਜ਼ ਦੀ ਇਜਾਜ਼ਤ ਨਹੀਂ ਮਿਲੇਗੀ।
ਤਾਲਿਬਾਨ ਦੇ ਇਸ ਫ਼ਰਮਾਨ ਤੋਂ ਬਾਅਦ ਅਫ਼ੀਮ ਦੀ ਕੀਮਤ 70 ਡਾਲਰ ਪ੍ਰਤੀ ਕਿਲੋਗ੍ਰਾਮ ਤੋਂ ਸਿੱਧ 200 ਡਾਲਰ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ ਹੈ। ਤਾਲਿਬਾਨ ਦਾ ਇਹ ਫ਼ੈਸਲਾ ਇਸ ਲਈ ਵੀ ਹੈਰਾਨ ਕਰਦਾ ਹੈ ਕਿਉਂਕਿ ਲੰਮੇ ਸਮੇਂ ਤੋਂ ਉਹ ਖ਼ੁਦ ਹੀ ਇਸ ਬਿਜ਼ਨੇਸ ਦਾ ਸਭ ਤੋਂ ਵੱਡਾ ਹਿੱਸੇਦਾਰ ਰਿਹਾ ਹੈ। ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਅਫ਼ੀਮ ਦੀ ਖੇਤੀ ਉੱਤੇ ਵਸੂਲੀ ਕੀਤੀ ਜਾਂਦੀ ਸੀ। ਇਹੋ ਤਾਲਿਬਾਨ ਦੀ ਕਮਾਈ ਦਾ ਵੱਡਾ ਵਸੀਲਾ ਸੀ।
ਲੋਕਾਂ ਵਿੱਚ ਤਾਲਿਬਾਨ ਦੇ ਇਸ ਨਵੇਂ ਫ਼ੈਸਲੇ ਨੂੰ ਲੈ ਕੇ ਬਹੁਤ ਨਾਰਾਜ਼ਗੀ ਹੈ ਪਰ ਉਨ੍ਹਾਂ ਸਾਹਮਣੇ ਹੁਣ ਹੋਰ ਕੋਈ ਰਾਹ ਨਹੀਂ ਹੈ। ਅਮਰੀਕਾ ਨੇ ਵੀ ਲੰਮੇ ਸਮੇਂ ਤੱਕ ਅਫ਼ਗ਼ਾਨਿਸਤਾਨ ’ਚ ਅਫ਼ੀਮ ਦੀ ਖੇਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋ ਸਕਿਆ ਸੀ। ਅਫ਼ਗ਼ਾਨਿਸਤਾਨ ਤੋਂ ਬਹੁਤ ਵੱਡੀ ਮਾਤਰਾ ’ਚ ਅਫ਼ੀਮ ਦੂਜੇ ਦੇਸ਼ਾਂ ਨੂੰ ਸਪਲਾਈ ਹੁੰਦੀ ਹੈ।