Proud Moment: ਇਟਲੀ 'ਚ ਪੰਜਾਬੀ ਗੱਭਰੂ ਨੇ ਗੱਡੇ ਕਾਮਯਾਬੀ ਦੇ ਝੰਡੇ, ਪਾਇਲਟ ਬਣਨ ਦਾ ਲਾਇਸੈਂਸ ਕੀਤਾ ਹਾਸਿਲ
Italy Punjabi News: ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਵਧਾਇਆ ਪੰਜਾਬੀਆਂ ਦਾ ਮਾਣ।
ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਹੱਡ ਭੰਨਵੀਂ ਮਿਹਨਤਾਂ ਕਰਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਰਹੇ ਹਨ। ਪੰਜਾਬੀਆਂ ਲਈ ਇੱਕ ਵਾਰ ਫਿਰ ਤੋਂ ਮਾਣ ਵਾਲੀ ਗੱਲ ਇਟਲੀ ਦੇਸ਼ ਤੋਂ ਆ ਰਹੀ ਹੈ। ਇਸ ਦੇਸ਼ ਵਿੱਚ ਭਾਵੇ ਬੋਲੀ ਵੱਖਰੀ ਹੋਣ ਕਰਕੇ ਕੰਮ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ। ਇਟਲੀ ਮਿਲਾਨ 'ਚ ਰਹਿੰਦੇ ਪੰਜਾਬੀ ਗੱਭਰੂ ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਪਾਇਲਟ ਬਣਨ ਦਾ ਲਾਇਸੈਂਸ ਹਾਸਲ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਵਧਾਇਆ ਪੰਜਾਬੀਆਂ ਦਾ ਮਾਣ
ਲੰਬੇ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਆਪਣੇ ਪਾਇਲਟ ਬਣਨ ਦਾ ਸੁਫ਼ਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਿਹਾ ਸੀ ਤੇ ਹੁਣ ਇਸ ਦੀ ਮਿਹਨਤ ਨੂੰ ਬੂਰ ਪਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਪਾਰਮਾ ਤੋਂ ਸਰਵਿਸਿੳ ਕਮਰਚਾਲੀ ਦਾ ਡਿਪਲੋਮਾ ਕਰਨ ਉਪਰੰਤ ਏਰੋ ਕਲੱਬ ਪਾਰਮਾ ਤੋਂ ਪਾਇਲਟ ਬਣਨ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।
ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ
ਪਾਇਲਟ ਦਾ ਲਾਇਸੈਂਸ ਹਾਸਲ ਕਰਨ ਸਮੇਂ ਅੰਮ੍ਰਿਤਪਾਲ ਸਿੰਘ ਲੁਬਾਣਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੀ ਝਲਕ ਸਾਫ ਨਜ਼ਰ ਆ ਰਹੀ ਸੀ। ਇਹ ਹੋਣਹਾਰ ਨੌਜਵਾਨ ਅੰਮ੍ਰਿਤਪਾਲ ਸਿੰਘ ਭੁਲੱਥ ਨੇੜਲੇ ਪਿੰਡ ਮੁੰਡੀ ਰੋਡ ਨਾਲ ਸੰਬੰਧਿਤ ਸਰਦਾਰ ਕੁਲਜੀਤ ਪਾਲ ਸਿੰਘ ਲੁਬਾਣਾ ਅਤੇ ਮਾਤਾ ਸਤਨਾਮ ਕੌਰ ਦਾ ਪੁੱਤਰ ਹੈ। ਜੋ ਕਿ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਰਹਿ ਰਹੇ ਹਨ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਕੁਲਜੀਤ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪਾਇਲਟ ਦਾ ਲਾਇਸੈਂਸ ਹਾਸਿਲ ਕਰਕੇ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਇੱਕ ਖ਼ਾਸ ਪੜਾਅ ਤੈਅ ਕਰ ਲਿਆ ਹੈ। ਪਿਤਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੀ ਪੜ੍ਹਾਈ ਜਾਰੀ ਰੱਖੇਗਾ ਤਾਂ ਜੋ ਉਹ ਕਮਰਸ਼ੀਅਲ ਪਾਇਲਟ ਵਜੋਂ ਵੀ ਸੇਵਾਵਾ ਨਿਭਾ ਸਕੇ। ਇਹ ਕਾਮਯਾਬੀ ਹਰ ਇੱਕ ਪੰਜਾਬੀ ਲਈ ਮਾਣ ਵਾਲੀ ਗੱਲ ਹੈ।
ਮਨਮੀਤ ਭਗਤਾਣਾ ਅਮਰੀਕਾ ਵਿੱਚ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ਼
ਦੱਸ ਦਈਏ ਹਾਲ ਵਿੱਚ ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ਼ ਬਣਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਧੀ ਨੇ ਵੀ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।