ਡੇਢ ਸਾਲ ਬਾਅਦ ਵਿਦੇਸ਼ੀਆਂ ਨੂੰ ਮਿਲੇਗੀ ਸਾਊਦੀ ਅਰਬ 'ਚ ਐਂਟਰੀ, ਉਸ ਤੋਂ ਪਹਿਲਾਂ ਇਹ ਸ਼ਰਤ ਲਾਜ਼ਮੀ
ਜੋ ਸੈਲਾਨੀਆਂ ਲਈ ਵੀਜ਼ੇ ਰੱਦ ਕੀਤੇ ਗਏ ਸਨ ਉਹ ਮੁੜ ਬਹਾਲ ਕਰ ਦਿੱਤੇ ਜਾਣਗੇ।
ਨਵੀਂ ਦਿੱਲੀ: 17 ਮਹੀਨਿਆਂ ਬਾਅਦ ਸਾਊਦੀ ਅਰਬ ਨੇ ਵੈਕੀਸਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਬੋਰਡਰ ਖੋਲ੍ਹ ਦਿੱਤੇ ਹਨ। ਕੋਵਿਡ ਮਹਾਂਮਾਰੀ ਤੋਂ ਬਾਅਦ ਸਾਊਦੀ ਅਰਬ ਨੇ ਸਾਰੇ ਵਿਦੇਸ਼ੀ ਸੈਲਾਨੀਆਂ ਦੇ ਦੇਸ਼ ਆਉਣ 'ਤੇ ਰੋਕ ਲਾ ਦਿੱਤੀ ਸੀ ਜਿਸ ਨਾਲ ਪਿਛਲੇ ਦੋ ਸਾਲ ਦੌਰਾਨ ਇੱਕ ਵੀ ਵਿਦੇਸ਼ੀ ਸੈਲਾਨੀ ਹੱਜ 'ਚ ਸ਼ਾਮਲ ਨਹੀਂ ਹੋ ਸਕਿਆ।
ਹਾਲਾਂਕਿ ਸਾਊਦੀ ਅਰਬ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਮਰਾ 'ਤੇ ਪਾਬੰਦੀ ਲੱਗੀ ਰਹੇਗੀ ਜਾਂ ਇਸ 'ਚ ਕੋਈ ਛੋਟ ਦਿੱਤੀ ਜਾਵੇਗੀ। ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਸਾਊਦੀ ਅਰਬ ਉਮਰਾ ਲਈ ਜਾਂਦੇ ਹਨ। ਇਸਲਾਮਿਕ ਧਾਰਮਿਕ ਰੀਤ ਉਮਰਾ ਨੂੰ ਸਾਲ 'ਚ ਕਦੇ ਵੀ ਕੀਤਾ ਜਾ ਸਕਦਾ ਹੈ। ਪਾਬੰਦੀ ਲੱਗਣ ਤੋਂ ਬਾਅਦ ਕੋਈ ਵੀ ਵਿਦੇਸ਼ੀ ਨਾਗਰਿਕ ਉਮਰਾ 'ਚ ਹਿੱਸਾ ਨਹੀਂ ਲੈ ਸਕਿਆ।
ਵੈਕਸੀਨ ਤੋਂ ਇਲਾਵਾ PCR Covid-19 test ਵੀ ਜ਼ਰੂਰੀ
ਸਾਊਦੀ ਅਰਬ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਵਿਦੇਸ਼ੀ ਸੈਲਾਨੀਆਂ ਲਈ ਇਕ ਅਗਸਤ ਤੋਂ ਕਿੰਗਡਮ ਆਪਣਾ ਦਰਵਾਜ਼ਾ ਖੋਲ ਦੇਵੇਗਾ। ਇਸ ਦੇ ਨਾਲ ਹੀ ਜੋ ਸੈਲਾਨੀਆਂ ਲਈ ਵੀਜ਼ੇ ਰੱਦ ਕੀਤੇ ਗਏ ਸਨ ਉਹ ਮੁੜ ਬਹਾਲ ਕਰ ਦਿੱਤੇ ਜਾਣਗੇ। ਹੁਕਮਾਂ 'ਚ ਇਹ ਸਾਫ ਕਿਹਾ ਗਿਆ ਕਿ ਜਿਹੜੇ ਸੈਲਾਨੀਆਂ ਨੂੰ ਸਾਊਦੀ ਅਰਬ ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ ਉਨ੍ਹਾਂ ਨੂੰ ਹੀ ਸਾਊਦੀ 'ਚ ਦਾਖਲਾ ਮਿਲੇਗਾ।
ਸਾਊਦੀ ਵੱਲੋਂ ਮਾਨਤਾ ਪ੍ਰਾਪਤ ਵੈਕਸੀਨ Pfizer, AstraZeneca, Moderna, Johnson & Johnson ਹੈ। ਇਸ 'ਚ ਇਹ ਵੀ ਕਿਹਾ ਗਿਆ ਕਿ ਵੈਕਸੀਨ ਸਰਟੀਫਿਕੇਟ ਦਿਖਾਉਣ ਦੇ ਬਾਵਜੂਦ ਟੂਰਿਸਟ ਪਰਮਿਟ 'ਤੇ ਆਉਣ ਵਾਲੇ ਸੈਲਾਨੀਆਂ ਨੂੰ ਦੇਸ਼ 'ਚ ਆਉਣ ਤੋਂ 72 ਘੰਟੇ ਪਹਿਲਾਂ ਦੀ RT-PCR Covid-19 ਟੈਸਟ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ।
2019 'ਚ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ
ਸਾਊਦੀ ਅਰਬ ਪਿਛਲੇ ਕੁਝ ਸਾਲਾਂ ਤੋਂ ਤੇਲ ਆਧਾਰਤ ਅਰਥ-ਵਿਵਸਥਾ 'ਚ ਰੁਕਾਵਟ ਆਉਣ ਦੀਆਂ ਕੋਸ਼ਿਸ਼ਾਂ ਤਹਿਤ ਟੂਰਿਜ਼ਮ ਤੇ ਅਰਬਾਂ ਡਾਲਰ ਨਿਵੇਸ਼ ਕਰ ਚੁੱਕਾ ਹੈ। ਸਾਊਦੀ ਚਾਹੁੰਦਾ ਹੈ ਕਿ ਹੁਣ ਉਨ੍ਹਾਂ ਦਾ ਦੇਸ਼ ਸੈਲਾਨੀਆਂ ਲਈ ਵੀ ਆਕਰਸ਼ਕ ਬਣੇ। ਖੁਦ ਨੂੰ ਵੱਖਰਾ ਰੱਖਣ ਵਾਲੇ ਸਾਊਦੀ ਅਰਬ ਨੇ 2019 'ਚ ਪਹਿਲੀ ਵਾਰ ਕੌਮਾਂਤਰੀ ਛਵੀ ਸੁਧਾਰਨ ਤੇ ਸੈਲਾਨੀਆਂ ਨੂੰ ਖਿੱਚਣ ਲਈ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸਤੰਬਰ 2019 ਤੋਂ ਮਾਰਚ 2020 ਦੇ ਵਿਚ ਸਾਊਦੀ ਨੇ 4 ਲੱਖ ਵੀਜ਼ੇ ਜਾਰੀ ਕੀਤੇ ਸਨ। ਪਰ ਉਦੋਂ ਹੀ ਕੌਮਾਂਤਰੀ ਮਹਾਂਮਾਰੀ ਦੀ ਸ਼ੁਰੂਆਤ ਹੋ ਗਈ ਤੇ ਸਾਊਦੀ ਨੇ ਆਪਣੇ ਬਾਰਡਰ ਬੰਦ ਕਰ ਦਿੱਤੇ।