Saudi Arabia Visa Ban: ਸਾਊਦੀ ਅਰਬ ਵੱਲੋਂ ਭਾਰਤ ਸਣੇ 14 ਮੁਲਕਾਂ ਲਈ ਵੀਜ਼ਾ ਸਰਵਿਸ ਰੱਦ, ਹੱਜ ਤੋਂ ਪਹਿਲਾਂ ਵੱਡਾ ਫੈਸਲਾ
Saudi Arabia Visa Ban: ਸਾਊਦੀ ਅਰਬ ਨੇ 14 ਦੇਸ਼ਾਂ ਲਈ ਵੀਜ਼ਾ ਸੇਵਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸ਼ਾਮਲ ਹਨ।

Saudi Arabia Visa Ban: ਸਾਊਦੀ ਅਰਬ ਨੇ 14 ਦੇਸ਼ਾਂ ਲਈ ਵੀਜ਼ਾ ਸੇਵਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸ਼ਾਮਲ ਹਨ। ਉਮਰਾਹ, ਕਾਰੋਬਾਰ ਤੇ ਪਰਿਵਾਰਕ ਮੁਲਾਕਾਤਾਂ ਲਈ ਵੀਜ਼ਾ ਜੂਨ ਦੇ ਅੱਧ ਤੱਕ ਬੰਦ ਰਹਿ ਸਕਦੇ ਹਨ। ਇਸ ਸਮੇਂ ਦੌਰਾਨ ਹੀ ਮੱਕਾ ਵਿੱਚ ਹੱਜ ਯਾਤਰਾ ਹੋਵੇਗੀ।
ਹਾਸਲ ਜਾਣਕਾਰੀ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਪੂਰੀ ਰਜਿਸਟ੍ਰੇਸ਼ਨ ਤੋਂ ਬਿਨਾਂ ਹੱਜ ਕਰਨ ਤੋਂ ਰੋਕਿਆ ਜਾ ਸਕੇ। ਹਾਲਾਂਕਿ ਜਿਨ੍ਹਾਂ ਕੋਲ ਉਮਰਾਹ ਵੀਜ਼ਾ ਹੈ, ਉਹ 13 ਅਪ੍ਰੈਲ ਤੱਕ ਸਾਊਦੀ ਅਰਬ ਪਹੁੰਚ ਸਕਦੇ ਹਨ। ਇਸ ਸਾਲ ਹੱਜ ਯਾਤਰਾ 4 ਜੂਨ ਤੋਂ 9 ਜੂਨ ਤੱਕ ਹੋਵੇਗੀ। ਰਿਪੋਰਟਾਂ ਅਨੁਸਾਰ, ਪ੍ਰਭਾਵਿਤ ਯਾਤਰੀਆਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਜੇਕਰ ਕੋਈ ਵਿਅਕਤੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਸਾਊਦੀ ਅਰਬ ਵਿੱਚ ਦਾਖਲੇ 'ਤੇ ਅਗਲੇ ਪੰਜ ਸਾਲਾਂ ਲਈ ਪਾਬੰਦੀ ਲਗਾਈ ਜਾ ਸਕਦੀ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਉਮਰਾਹ ਜਾਂ ਵਿਜ਼ਿਟ ਵੀਜ਼ੇ 'ਤੇ ਸਾਊਦੀ ਅਰਬ ਆਉਂਦੇ ਹਨ ਤੇ ਫਿਰ ਹੱਜ ਵਿੱਚ ਹਿੱਸਾ ਲੈਣ ਲਈ ਗੈਰ-ਕਾਨੂੰਨੀ ਤੌਰ 'ਤੇ ਉੱਥੇ ਰਹਿੰਦੇ ਹਨ। ਇਸ ਨਾਲ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤੇ ਗਰਮੀ ਵੀ ਵਧਦੀ ਹੈ। ਸਾਊਦੀ ਅਰਬ ਵਿੱਚ ਹੱਜ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ, ਇੱਕ ਕੋਟਾ ਪ੍ਰਣਾਲੀ ਲਾਗੂ ਹੈ ਜਿਸ ਤਹਿਤ ਹਰੇਕ ਦੇਸ਼ ਤੋਂ ਇੱਕ ਨਿਸ਼ਚਿਤ ਗਿਣਤੀ ਵਿੱਚ ਹੱਜ ਯਾਤਰੀਆਂ ਨੂੰ ਯਾਤਰਾ ਕਰਨ ਦੀ ਆਗਿਆ ਹੈ ਪਰ ਕਈ ਵਾਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਫੈਸਲਾ 2024 ਦੀ ਘਟਨਾ ਤੋਂ ਬਾਅਦ ਲਿਆ ਗਿਆ
2024 ਵਿੱਚ ਹੱਜ ਯਾਤਰਾ 14 ਜੂਨ ਤੋਂ 29 ਜੂਨ ਤੱਕ ਨਿਰਧਾਰਤ ਕੀਤੀ ਗਈ ਸੀ। ਹੱਜ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਉਣ ਕਾਰਨ ਗਰਮੀ ਦਾ ਪ੍ਰਭਾਵ ਵਧ ਗਿਆ ਸੀ। ਇਸ ਕਾਰਨ ਘੱਟੋ-ਘੱਟ 1,200 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ 98 ਭਾਰਤੀ ਵੀ ਸ਼ਾਮਲ ਸਨ। ਪਿਛਲੇ ਸਾਲ 1,75,000 ਭਾਰਤੀ ਹੱਜ ਯਾਤਰਾ ਵਿੱਚ ਹਿੱਸਾ ਲੈਣ ਲਈ ਮੱਕਾ ਪਹੁੰਚੇ ਸਨ।
ਹੱਜ ਮੰਤਰਾਲੇ ਨੇ ਕਿਹਾ ਹੈ ਕਿ ਫੈਸਲੇ ਪਿੱਛੇ ਕੋਈ ਰਾਜਨੀਤਕ ਵਿਵਾਦ ਨਹੀਂ। ਇਸ ਪਾਬੰਦੀ ਪਿੱਛੇ ਗੈਰ-ਕਾਨੂੰਨੀ ਗਤੀਵਿਧੀਆਂ ਇੱਕ ਵੱਡਾ ਕਾਰਨ ਹਨ। ਅਧਿਕਾਰੀਆਂ ਨੇ ਕਿਹਾ ਕਿ ਕੁਝ ਵਿਦੇਸ਼ੀ ਨਾਗਰਿਕ ਕਾਰੋਬਾਰੀ ਜਾਂ ਪਰਿਵਾਰਕ ਵੀਜ਼ਾ ਦੀ ਵਰਤੋਂ ਕਰਕੇ ਸਾਊਦੀ ਅਰਬ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰ ਰਹੇ ਸਨ। ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਤੇ ਕਿਰਤ ਬਾਜ਼ਾਰ ਵਿੱਚ ਅਸੰਤੁਲਨ ਪੈਦਾ ਕਰ ਰਹੇ ਸਨ। ਸਾਊਦੀ ਅਰਬ ਦੇ ਹੱਜ ਤੇ ਉਮਰਾਹ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਕਿਸੇ ਕੂਟਨੀਤਕ ਵਿਵਾਦ ਨਾਲ ਸਬੰਧਤ ਨਹੀਂ, ਪਰ ਇਹ ਹੱਜ ਯਾਤਰਾ ਨੂੰ ਸੁਰੱਖਿਅਤ ਤੇ ਬਿਹਤਰ ਢੰਗ ਨਾਲ ਆਯੋਜਿਤ ਕਰਨ ਲਈ ਲਿਆ ਗਿਆ ਫੈਸਲਾ ਹੈ।
ਸਾਊਦੀ ਅਧਿਕਾਰੀਆਂ ਨੇ ਕਿਹਾ ਹੈ ਕਿ 13 ਅਪ੍ਰੈਲ, 2025 ਉਮਰਾਹ ਵੀਜ਼ਾ ਜਾਰੀ ਕਰਨ ਦੀ ਆਖਰੀ ਮਿਤੀ ਹੋਵੇਗੀ। ਇਸ ਤਾਰੀਖ ਤੋਂ ਬਾਅਦ ਇਨ੍ਹਾਂ 14 ਦੇਸ਼ਾਂ ਦੇ ਨਾਗਰਿਕਾਂ ਨੂੰ ਹੱਜ ਯਾਤਰਾ ਪੂਰੀ ਹੋਣ ਤੱਕ ਨਵੇਂ ਵੀਜ਼ੇ ਨਹੀਂ ਦਿੱਤੇ ਜਾਣਗੇ। ਹਰ ਸਾਲ ਹਜ਼ਾਰਾਂ ਸ਼ਰਧਾਲੂ ਹੱਜ 'ਤੇ ਜਾਂਦੇ ਹਨ ਪਰ ਉਨ੍ਹਾਂ ਕੋਲ ਵੀਜ਼ਾ ਨਹੀਂ ਹੁੰਦਾ। ਪੈਸੇ ਦੀ ਘਾਟ ਕਾਰਨ ਅਜਿਹੇ ਯਾਤਰੀ ਗਲਤ ਤਰੀਕਿਆਂ ਨਾਲ ਮੱਕਾ ਪਹੁੰਚਦੇ ਹਨ। ਪਿਛਲੇ ਸਾਲ ਵੀ ਹੱਜ ਤੋਂ ਪਹਿਲਾਂ ਸਾਊਦੀ ਨੇ ਹਜ਼ਾਰਾਂ ਗੈਰ-ਰਜਿਸਟਰਡ ਹੱਜ ਯਾਤਰੀਆਂ ਨੂੰ ਮੱਕਾ ਤੋਂ ਹਟਾ ਦਿੱਤਾ ਸੀ।






















