ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਦੀ ਖੋਜ ਤੋਂ ਕੁਝ ਕਦਮ ਦੂਰ ਵਿਗਿਆਨੀ
ਵਿਸ਼ਵ ਸਿਹਤ ਸੰਸਥਾ ਦੇ ਡਾਕਟਰ ਬੌਰਸ ਐਲਵਾਰਡ ਨੇ ਆਪਣੇ ਚੀਨ ਦੇ ਦੌਰੇ ਤੋਂ ਬਾਅਦ ਰੇਮਡੇਸੀਵੀਰ ਦਵਾਈ ਨੂੰ ਵਾਇਰਸ ਖ਼ਿਲਾਫ਼ ਕੁਝ ਕਾਰਗਰ ਹੋਣ ਦੀ ਗੱਲ ਕਹੀ ਸੀ। ਇਹ ਐਂਟੀ ਵਾਇਰਲ ਦਵਾਈ ਏਬੋਲਾ ਦੇ ਇਲਾਜ ਲਈ ਬਣਾਈ ਗਈ ਸੀ
ਰਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਦੁਨੀਆਂ ਭਰ 'ਚ ਜੰਗ ਜਾਰੀ ਹੈ। ਇਲਾਜ ਲਈ ਡਾਕਟਰ ਤੇ ਵਿਗਿਆਨਕ ਦਵਾਈਆਂ ਲੱਭਣ 'ਚ ਡਟੇ ਹੋਏ ਹਨ ਪਰ ਇਸ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦਵਾਈ ਦੀ ਤਿਆਰੀ ਤੋਂ ਅਸੀਂ ਕਿੰਨੇ ਦੂਰ ਹਾਂ। ਐਂਟੀ ਵਾਇਰਲ ਦਵਾਈ, ਵਾਇਰਸ ਨਾਲ ਲੜਨ ਦੀ ਸਮਰੱਥਾ ਬਿਹਤਰ ਬਣਾਉਣ ਵਾਲੀ ਦਵਾਈ ਤੇ ਵਾਇਰਸ 'ਤੇ ਹਮਲਾ ਕਰਨ ਵਾਲੀ ਐਂਟੀਬੌਡੀਜ਼ ਦੇ ਤਰੀਕੇ ਕਾਰਗਰ ਹੋ ਸਕਦੇ ਹਨ।
ਵਿਸ਼ਵ ਸਿਹਤ ਸੰਸਥਾ ਦੇ ਡਾਕਟਰ ਬੌਰਸ ਐਲਵਾਰਡ ਨੇ ਆਪਣੇ ਚੀਨ ਦੇ ਦੌਰੇ ਤੋਂ ਬਾਅਦ ਰੇਮਡੇਸੀਵੀਰ ਦਵਾਈ ਨੂੰ ਵਾਇਰਸ ਖ਼ਿਲਾਫ਼ ਕੁਝ ਕਾਰਗਰ ਹੋਣ ਦੀ ਗੱਲ ਕਹੀ ਸੀ। ਇਹ ਐਂਟੀ ਵਾਇਰਲ ਦਵਾਈ ਏਬੋਲਾ ਦੇ ਇਲਾਜ ਲਈ ਬਣਾਈ ਗਈ ਸੀ। ਪਰ ਇਹ ਕਈ ਬਿਮਾਰੀਆਂ 'ਚ ਕਾਰਗਰ ਸਾਬਿਤ ਹੋ ਰਹੀ ਹੈ। ਜਾਨਵਰਾਂ 'ਚ ਖਤਰਨਾਕ ਕੋਰੋਨਾ ਵਾਇਰਸ ਦੇ ਇਲਾਜ ਜਿਵੇਂ MERS, SARS 'ਚ ਵੀ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਇਸ ਦੇ ਚੱਲਦਿਆਂ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਖ਼ਿਲਾਫ਼ ਮਦਦਗਾਰ ਸਾਬਤ ਹੋ ਸਕਦੀ ਹੈ। ਸ਼ਿਕਾਗੋ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਵਿਚ ਇਸ ਦੇ ਪ੍ਰਭਾਵਸ਼ਾਲੀ ਹੋਣ ਦੀ ਗੱਲ ਸਾਹਮਣੇ ਆਈ ਸੀ।
ਭਾਰਤੀ ਆਯੁਰਵਿਗਿਆਨ ਅਨੁੰਸਾਧਨ ਪਰਿਸ਼ਦ ਨੇ ਦੋ ਐਂਟੀ ਰੈਟਰੋ ਵਾਇਰਲ ਦਵਾਈਆਂ ਦੀ ਸਿਫ਼ਾਰਸ਼ ਕੀਤੀ ਹੈ। ਲੋਪਿਨਾਵੀਰ ਤੇ ਰਿਟੋਨਾਵੀਰ ਦਵਾਈਆਂ HIV ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਹਾਲਾਂਕਿ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਕੋਰੋਨਾ ਵਾਇਰਸ ਖ਼ਿਲਾਫ ਪ੍ਰਭਾਵਸ਼ਾਲੀ ਸਾਬਿਤ ਹੋਈਆਂ ਹਨ। ਮਲੇਰੀਆ ਦੀ ਦਵਾਈ ਤੇ WHO ਤੇ ਬ੍ਰਿਟੇਨ 'ਚ ਖੋਜ ਹੋ ਰਹੀ ਹੈ। ਕਲੋਰੋਕਵਿਨ ਤੇ ਹਾਇਡ੍ਰੋਕਸੀ ਕਲੋਰੋਕਵਿਨ 'ਚ ਐਂਟੀ ਵਾਇਰਲ ਤੇ ਇਮਿਊਨਿਟੀ ਵਧਾਉਣ ਦੀ ਵਿਸ਼ੇਸ਼ਤਾ ਹੋ ਸਕਦੀ ਹੈ।
ਕੋਵਿਡ-19 ਦੇ ਇਲਾਜ 'ਚ ਇਸਦੇ ਪ੍ਰਭਾਵਸ਼ਾਲੀ ਹੋਣ ਦਾ ਪੱਕਾ ਸਬੂਤ ਨਹੀਂ ਮਿਲਿਆ। ਵਿਸ਼ਵ ਸਿਹਤ ਸੰਸਥਾ ਇੰਟਰਫੇਰਾਨ ਬੀਟਾ 'ਤੇ ਟਰਾਇਲ ਕਰ ਰਿਹਾ ਹੈ। ਇਸ ਦਵਾਈ ਨੂੰ ਸੋਜ ਘੱਟ ਕਰਨ ਲਈ ਵਰਤਿਆ ਜਾਂਦਾ ਹੈ। ਕੋਵਿਡ-19 ਤੋਂ ਠੀਕ ਹੋਣ ਵਾਲੇ ਦੇ ਖੂਨ ਤੋਂ ਪਲਾਜ਼ਮਾ ਲੈਕੇ ਵੀ ਇਲਾਜ ਕੀਤਾ ਜਾਂਦਾ ਰਿਹਾ ਹੈ। ਇਸ ਨਾਲ ਐਂਟੀ ਬੌਡੀ ਵਿਕਸਿਤ ਹੁੰਦੀ ਹੈ ਜੋ ਵਾਇਰਸ ਤੇ ਹਮਲਾਵਰ ਹੋ ਸਕਦੀ ਹੈ। ਠੀਕ ਹੋਣ ਵਾਲਿਆਂ ਦੇ ਖੂਨ ਤੋਂ ਪਲਾਜ਼ਮਾ ਲੈਕੇ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ ਦੇ ਸਰੀਰ 'ਚ ਦਾਖਲ ਕਰ ਦਿੱਤਾ ਜਾਂਦਾ ਹੈ। ਅਮਰੀਕਾ 'ਚ ਇਸ ਵਿਧੀ ਨਾਲ 500 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਕੁਝ ਹੋਰ ਮੁਲਕਾਂ 'ਚ ਵੀ ਇਸ ਜ਼ਰੀਏ ਇਲਾਜ ਕੀਤੇ ਜਾਣ ਦੀ ਖ਼ਬਰ ਹੈ।
ਮੌਜੂਦਾ ਸਮੇਂ ਕੋਵਿਡ-19 ਦੇ ਇਲਾਜ ਲਈ ਦਵਾਈ ਦੇ ਉਪਲਬਧ ਹੋਣ ਦੀ ਗੱਲ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਆਉਣ ਵਾਲੇ ਕੁਝ ਮਹੀਨਿਆਂ 'ਚ ਪਰੀਖਣ ਦੇ ਨਤੀਜੇ ਮਿਲਣੇ ਸ਼ੁਰੂ ਹੋ ਸਕਦੇ ਹਨ। ਫ਼ਿਲਹਾਲ ਡਾਕਟਰ ਪਹਿਲਾਂ ਤੋਂ ਬਣਾਈਆਂ ਜਾ ਚੁੱਕੀਆਂ ਦਵਾਈਆਂ ਦਾ ਟਰਾਇਲ ਕਰ ਰਹੇ ਹਨ।