Taliban news: ਤਾਲਿਬਾਨ ਨੇ ਔਰਤਾਂ ਦੇ ਘਰੋਂ ਬਾਹਰ ਬੋਲਣ 'ਤੇ ਲਾਈ ਪਾਬੰਦੀ , ਕਿਹਾ- ਆਵਾਜ਼ ਸੁਣ ਕੇ ਭਟਕ ਸਕਦਾ ਮਰਦਾਂ ਦਾ ਧਿਆਨ
ਅੰਗਰੇਜ਼ੀ ਅਖਬਾਰ 'ਦਿ ਗਾਰਡੀਅਨ' ਮੁਤਾਬਕ ਤਾਲਿਬਾਨ ਨੇ ਇਨ੍ਹਾਂ ਕਾਨੂੰਨਾਂ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਔਰਤਾਂ ਦੀ ਆਵਾਜ਼ ਵੀ ਮਰਦਾਂ ਦਾ ਧਿਆਨ ਭਟਕਾਅ ਸਕਦੀ ਹੈ। ਇਸ ਤੋਂ ਬਚਣ ਲਈ ਔਰਤਾਂ ਨੂੰ ਜਨਤਕ ਥਾਵਾਂ 'ਤੇ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Taliban news: ਤਾਲਿਬਾਨ ਨੇ ਅਫ਼ਗ਼ਾਨਿਸਤਾਨ 'ਚ ਔਰਤਾਂ ਨੂੰ ਲੈ ਕੇ ਨਵੇਂ ਕਾਨੂੰਨ ਲਾਗੂ ਕੀਤੇ ਹਨ। ਔਰਤਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਘਰ ਤੋਂ ਬਾਹਰ ਬੋਲਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਨਤਕ ਥਾਵਾਂ 'ਤੇ ਆਪਣੇ ਸਰੀਰ ਤੇ ਚਿਹਰੇ ਨੂੰ ਹਮੇਸ਼ਾ ਮੋਟੇ ਕੱਪੜੇ ਨਾਲ ਢੱਕਣ ਦਾ ਹੁਕਮ ਦਿੱਤਾ ਗਿਆ ਹੈ।
ਅੰਗਰੇਜ਼ੀ ਅਖਬਾਰ 'ਦਿ ਗਾਰਡੀਅਨ' ਮੁਤਾਬਕ ਤਾਲਿਬਾਨ ਨੇ ਇਨ੍ਹਾਂ ਕਾਨੂੰਨਾਂ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਔਰਤਾਂ ਦੀ ਆਵਾਜ਼ ਵੀ ਮਰਦਾਂ ਦਾ ਧਿਆਨ ਭਟਕਾਅ ਸਕਦੀ ਹੈ। ਇਸ ਤੋਂ ਬਚਣ ਲਈ ਔਰਤਾਂ ਨੂੰ ਜਨਤਕ ਥਾਵਾਂ 'ਤੇ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਤਾਲਿਬਾਨ ਦੇ ਸੁਪਰੀਮ ਲੀਡਰ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਨੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਕਾਨੂੰਨਾਂ ਨੂੰ ਹਲਾਲ ਅਤੇ ਹਰਮ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸੰਯੁਕਤ ਰਾਸ਼ਟਰ ਨੇ ਤਾਲਿਬਾਨ ਦੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ ਕਈ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ 'ਤੇ ਇਤਰਾਜ਼ ਪ੍ਰਗਟਾਇਆ ਹੈ।
ਤਾਲਿਬਾਨ ਨੇ ਔਰਤਾਂ ਨੂੰ ਘਰਾਂ ਵਿਚ ਉੱਚੀ ਆਵਾਜ਼ ਵਿਚ ਗਾਉਣ ਅਤੇ ਪੜ੍ਹਨ ਤੋਂ ਵੀ ਮਨ੍ਹਾ ਕੀਤਾ ਹੈ। ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਜਾਂ ਲੜਕੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਵਾਰ ਔਰਤਾਂ ਤੋਂ ਇਲਾਵਾ ਤਾਲਿਬਾਨ ਨੇ ਮਰਦਾਂ 'ਤੇ ਵੀ ਕੁਝ ਪਾਬੰਦੀਆਂ ਲਗਾਈਆਂ ਹਨ। ਮਰਦਾਂ ਨੂੰ ਵੀ ਘਰੋਂ ਬਾਹਰ ਨਿਕਲਣ ਵੇਲੇ ਆਪਣਾ ਸਰੀਰ ਗੋਡਿਆਂ ਤੱਕ ਢੱਕ ਕੇ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਤਾਲਿਬਾਨ ਨੇ ਕਿਸੇ ਵੀ ਜੀਵਤ ਵਿਅਕਤੀ ਦੀ ਫੋਟੋ ਖਿੱਚਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ 15 ਅਗਸਤ 2021 ਨੂੰ ਅਫ਼ਗ਼ਾਨਿਸਤਾਨ ਦੀ ਸੱਤਾ ਦੂਜੀ ਵਾਰ ਤਾਲਿਬਾਨ ਦੇ ਹੱਥ ਆਈ। ਉਸ ਦਿਨ ਤੋਂ ਔਰਤਾਂ 'ਤੇ ਪਾਬੰਦੀਆਂ ਵਧ ਗਈਆਂ। ਸਭ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੀਆਂ ਔਰਤਾਂ ਤੋਂ ਉਨ੍ਹਾਂ ਦੀ ਨੌਕਰੀ ਖੋਹ ਲਈ ਗਈ ਫਿਰ ਉਨ੍ਹਾਂ ਦੀ ਪੜ੍ਹਾਈ 'ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ। ਅਫ਼ਗ਼ਾਨਿਸਤਾਨ ਵਿੱਚ ਔਰਤਾਂ ਛੇਵੀਂ ਜਮਾਤ ਤੱਕ ਹੀ ਪੜ੍ਹ ਸਕਦੀਆਂ ਹਨ।
ਸਿਰਫ ਔਰਤਾਂ 'ਤੇ ਪਾਬੰਦੀ ਹੀ ਨਹੀਂ, ਸੱਤਾ 'ਚ ਆਉਣ ਤੋਂ ਬਾਅਦ ਤਾਲਿਬਾਨ ਨੇ ਕਈ ਅਜਿਹੇ ਕਾਨੂੰਨ ਲਾਗੂ ਕੀਤੇ ਹਨ ਜੋ ਮਨੁੱਖੀ ਅਧਿਕਾਰਾਂ ਦੇ ਖਿਲਾਫ ਹਨ।