Tokyo Olympics Covid Cases: ਟੋਕਿਓ ਓਲੰਪਿਕਸ 'ਤੇ ਕੋਰੋਨਾ ਦਾ ਖ਼ਤਰਾ, ਟੋਕਿਓ 'ਚ ਲਗਾਤਾਰ ਚੌਥੇ ਦਿਨ 4,000 ਤੋਂ ਵੱਧ ਨਵੇਂ ਕੋਰੋਨਾ ਕੇਸ
ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਸਮਰ ਓਲੰਪਿਕ 2020 ਖੇਡਾਂ ਵਿਚਾਲੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 4,566 ਨਵੇਂ ਮਾਮਲੇ ਸਾਹਮਣੇ ਆਏ।
ਟੋਕੀਓ: ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਸਮਰ ਓਲੰਪਿਕ 2020 ਖੇਡਾਂ ਵਿਚਾਲੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 4,566 ਨਵੇਂ ਮਾਮਲੇ ਸਾਹਮਣੇ ਆਏ। ਇਹ ਲਗਾਤਾਰ ਚੌਥਾ ਦਿਨ ਹੈ, ਜਦੋਂ ਸ਼ਹਿਰ ਵਿੱਚ ਰੋਜ਼ਾਨਾ ਕੋਵਿਡ ਲਾਗ ਦੇ 4000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਕਯੋਡੋ ਨਿਊਜ਼ ਨੇ ਦੱਸਿਆ ਕਿ ਹਸਪਤਾਲਾਂ 'ਤੇ ਦਬਾਅ ਵਧ ਗਿਆ ਹੈ।ਸ਼ਹਿਰ ਦੇ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ 3,485 ਤੱਕ ਪਹੁੰਚ ਗਈ ਹੈ, ਜੋ ਜਨਵਰੀ ਦੇ ਅਰੰਭ ਵਿੱਚ 3,427 ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਈ ਸੀ। ਇਸ ਦੌਰਾਨ, ਸ਼ਨੀਵਾਰ ਨੂੰ 22 ਹੋਰ ਲੋਕਾਂ ਦੇ ਕੋਵਿਡ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ 2020 ਦੀਆਂ ਓਲੰਪਿਕ ਖੇਡਾਂ ਨਾਲ ਜੁੜੇ ਨਵੇਂ ਮਾਮਲਿਆਂ ਦੀ ਗਿਣਤੀ ਵੱਧ ਕੇ 404 ਹੋ ਗਈ ਹੈ।
ਜਾਪਾਨ ਵਿੱਚ, ਇੱਕ ਦਿਨ ਵਿੱਚ ਕੋਰੋਨਾਵਾਇਰਸ ਦੇ 15,753 ਨਵੇਂ ਕੇਸ ਦਰਜ ਕੀਤੇ ਗਏ ਹਨ। ਨਵੀਨਤਮ ਅੰਕੜੇ ਉਦੋਂ ਸਾਹਮਣੇ ਆਏ ਹਨ ਜਦੋਂ ਇੱਕ ਦਿਨ ਪਹਿਲਾਂ ਜਾਪਾਨ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਕੁੱਲ ਸੰਖਿਆ ਇੱਕ ਮਿਲੀਅਨ ਤੋਂ ਉੱਪਰ ਦੀ ਪੁਸ਼ਟੀ ਕੀਤੀ ਗਈ ਹੈ।
ਕੁਝ ਦਿਨ ਪਹਿਲਾਂ, ਜਾਪਾਨ ਨੇ ਟੋਕਿਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਅਤੇ ਓਕੀਨਾਵਾ ਪ੍ਰੀਫੈਕਚਰਾਂ ਅਤੇ ਹੋਕਾਇਡੋ, ਇਸ਼ੀਕਾਵਾ, ਕਿਯੋਟੋ, ਹਯੋਗੋ ਅਤੇ ਫੁਕੂਓਕਾ ਪ੍ਰੀਫੈਕਚਰਾਂ ਵਿੱਚ 31 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਐਲਾਨ ਕੀਤੀ ਸੀ।
ਜਾਪਾਨ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਜ਼ਰੂਰੀ ਕਾਰਨਾਂ ਜਾਂ ਗੈਰ-ਜ਼ਰੂਰੀ ਯਾਤਰਾਵਾਂ ਲਈ ਬਾਹਰ ਜਾਣ ਤੋਂ ਪਰਹੇਜ਼ ਕਰਨ। ਜਾਪਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ, "ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ-ਜ਼ਰੂਰੀ ਕਾਰਨਾਂ ਕਰਕੇ ਬਾਹਰ ਜਾਣ ਜਾਂ ਗੈਰ-ਜ਼ਰੂਰੀ ਤੌਰ 'ਤੇ ਯਾਤਰਾ ਕਰਨ ਤੋਂ ਪਰਹੇਜ਼ ਕਰਨ ਅਤੇ ਗਰਮੀਆਂ ਦੇ ਦੌਰਾਨ ਆਪਣੇ ਘਰਾਂ ਨੂੰ ਵਾਪਸ ਆਉਣ ਵੇਲੇ ਜਿੰਨਾ ਹੋ ਸਕੇ ਸਾਵਧਾਨ ਅਤੇ ਸੰਜਮ ਰੱਖਣ।"